ਯਿਰਮਿਯਾਹ7
ਝੂਠਾ ਧਰਮ ਵਿਅਰਥ ਹੈ
1ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ:2“ਯਾਹਵੇਹ ਦੇ ਘਰ ਦੇ ਦਰਵਾਜ਼ੇ ਤੇ ਖੜਾ ਹੋ ਅਤੇ ਉੱਥੇ ਇਹ ਸੰਦੇਸ਼ ਸੁਣਾ:“ ‘ਤੁਸੀਂ ਸਾਰੇ ਜਿਹੜੇ ਯਹੂਦਾਹ ਦੇ ਲੋਕੋ, ਯਾਹਵੇਹ ਦਾ ਬਚਨ ਸੁਣੋ, ਜੋ ਯਾਹਵੇਹ ਦੀ ਉਪਾਸਨਾ ਕਰਨ ਲਈ ਇਹਨਾਂ ਦਰਵਾਜ਼ਿਆਂ ਵਿੱਚੋਂ ਦੀ ਲੰਘਦੇ ਹੋ।3ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਆਪਣੇ ਰਾਹਾਂ ਅਤੇ ਕੰਮਾਂ ਨੂੰ ਸੁਧਾਰੋ, ਅਤੇ ਮੈਂ ਤੁਹਾਨੂੰ ਇਸ ਥਾਂ ਵਿੱਚ ਰਹਿਣ ਦਿਆਂਗਾ।4ਧੋਖੇਬਾਜ਼ ਸ਼ਬਦਾਂ ਤੇ ਭਰੋਸਾ ਨਾ ਕਰੋ ਅਤੇ ਨਾ ਆਖੋ, “ਕਿ ਇਹ ਯਾਹਵੇਹ ਦਾ ਭਵਨ ਹੈ, ਯਾਹਵੇਹ ਦਾ ਭਵਨ ਹੈ, ਯਾਹਵੇਹ ਦਾ ਭਵਨ ਹੈ!”5ਜੇ ਤੁਸੀਂ ਸੱਚਮੁੱਚ ਆਪਣੇ ਚਾਲ-ਚਲਣ ਅਤੇ ਆਪਣੇ ਕੰਮ ਬਦਲਦੇ ਹੋ ਅਤੇ ਇੱਕ-ਦੂਜੇ ਨਾਲ ਨਿਆਂ ਕਰਦੇ ਹੋ,6ਜੇ ਤੁਸੀਂ ਪਰਦੇਸੀਆਂ, ਯਤੀਮਾਂ ਜਾਂ ਵਿਧਵਾਵਾਂ ਉੱਤੇ ਜ਼ੁਲਮ ਨਾ ਕਰੋ ਅਤੇ ਇਸ ਸਥਾਨ ਵਿੱਚ ਨਿਰਦੋਸ਼ਾਂ ਦਾ ਖੂਨ ਨਾ ਵਹਾਓ ਅਤੇ ਨਾ ਤੁਸੀਂ ਦੂਸਰਿਆਂ ਦੇਵਤਿਆਂ ਦੀ ਪਾਲਣਾ ਕਰੋ, ਜੋ ਤੁਹਾਡੀ ਆਪਣੀ ਤਬਾਹੀ ਦਾ ਕਾਰਨ ਹਨ।7ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਰਹਿਣ ਦਿਆਂਗਾ, ਜਿਹੜੀ ਧਰਤੀ ਮੈਂ ਤੁਹਾਡੇ ਪੁਰਖਿਆਂ ਨੂੰ ਸਦਾ ਲਈ ਦਿੱਤੀ ਸੀ।8ਪਰ ਵੇਖੋ, ਤੁਸੀਂ ਧੋਖੇ ਭਰੇ ਸ਼ਬਦਾਂ ਉੱਤੇ ਭਰੋਸਾ ਕਰ ਰਹੇ ਹੋ ਜੋ ਨਿਕੰਮੇ ਹਨ।9“ ‘ਕੀ ਤੁਸੀਂ ਚੋਰੀ ਅਤੇ ਕਤਲ ਕਰੋਗੇ, ਵਿਭਚਾਰ ਅਤੇ ਝੂਠ ਬੋਲੋਗੇ, ਬਆਲ ਲਈ ਧੂਪ ਧੁਖਾਓਗੇ ਅਤੇ ਹੋਰ ਦੇਵਤਿਆਂ ਦਾ ਪਿੱਛੇ ਚਲੋਗੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ,10ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ?11ਕੀ ਇਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ, ਤੁਹਾਡੇ ਲਈ ਲੁਟੇਰਿਆਂ ਦਾ ਅੱਡਾ ਬਣ ਗਿਆ ਹੈ? ਪਰ ਮੈਂ ਦੇਖ ਰਿਹਾ ਹਾਂ! ਯਾਹਵੇਹ ਦਾ ਵਾਕ ਹੈ।12“ ‘ਹੁਣ ਸ਼ੀਲੋਹ ਵਿੱਚ ਉਸ ਥਾਂ ਤੇ ਜਾਓ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਲਈ ਇੱਕ ਨਿਵਾਸ ਬਣਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਕਾਰਨ ਉਸ ਨਾਲ ਕੀ ਕੀਤਾ ਸੀ।13ਜਦੋਂ ਤੁਸੀਂ ਇਹ ਸਭ ਕੁਝ ਕਰ ਰਹੇ ਸੀ, ਯਾਹਵੇਹ ਦਾ ਵਾਕ ਹੈ, ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ, ਪਰ ਤੁਸੀਂ ਨਾ ਸੁਣੀ; ਮੈਂ ਤੁਹਾਨੂੰ ਬੁਲਾਇਆ, ਪਰ ਤੁਸੀਂ ਜਵਾਬ ਨਹੀਂ ਦਿੱਤਾ।14ਇਸ ਲਈ, ਜੋ ਮੈਂ ਸ਼ੀਲੋਹ ਨਾਲ ਕੀਤਾ, ਮੈਂ ਹੁਣ ਉਸ ਘਰ ਨਾਲ ਕਰਾਂਗਾ ਜੋ ਮੇਰੇ ਨਾਮ ਦਾ ਅਖਵਾਉਂਦਾ ਸੀ, ਜਿਸ ਭਵਨ ਉੱਤੇ ਤੁਸੀਂ ਭਰੋਸਾ ਕਰਦੇ ਹੋ, ਉਹ ਜਗ੍ਹਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ।15ਮੈਂ ਤੁਹਾਨੂੰ ਆਪਣੀ ਹਜ਼ੂਰੀ ਤੋਂ ਬਾਹਰ ਕੱਢ ਦਿਆਂਗਾ, ਜਿਵੇਂ ਮੈਂ ਤੁਹਾਡੇ ਸਾਰੇ ਇਸਰਾਏਲੀਆਂ ਭਰਾਵਾਂ ਨੂੰ, ਇਫ਼ਰਾਈਮ ਦੇ ਲੋਕਾਂ ਨੂੰ ਕੀਤਾ ਸੀ।’16“ਇਸ ਲਈ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਅਤੇ ਨਾ ਹੀ ਉਹਨਾਂ ਲਈ ਕੋਈ ਆਵਾਜ਼ ਚੱਕੋ, ਨਾ ਬੇਨਤੀ ਕਰੋ; ਨਾ ਮੇਰੇ ਸਾਹਮਣੇ ਅਰਦਾਸ ਕਰੋ, ਕਿਉਂਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਂਗਾ।17ਕੀ ਤੁਸੀਂ ਨਹੀਂ ਦੇਖਦੇ ਕਿ ਉਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀ ਕਰ ਰਹੇ ਹਨ?18ਬੱਚੇ ਲੱਕੜਾਂ ਇਕੱਠੀਆਂ ਕਰਦੇ ਹਨ, ਪਿਤਾ ਅੱਗ ਬਾਲਦੇ ਹਨ, ਅਤੇ ਔਰਤਾਂ ਸਵਰਗ ਦੀ ਰਾਣੀ ਲਈ ਮਠਿਆਈਆਂ ਤਿਆਰ ਕਰਨ ਲਈ ਆਟਾ ਗੁੰਨਦੀਆਂ ਹਨ। ਅਤੇ ਮੇਰੇ ਗੁੱਸੇ ਨੂੰ ਭੜਕਾਉਣ ਲਈ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਂਦੇ ਹਨ।19ਪਰ ਕੀ ਮੈਂ ਉਹੀ ਹਾਂ ਜਿਸ ਦਾ ਗੁੱਸਾ ਉਹ ਭੜਕਾਉਂਦੇ ਹਨ? ਯਾਹਵੇਹ ਦਾ ਵਾਕ ਹੈ। ਕੀ ਉਹ ਆਪਣੀ ਹੀ ਸ਼ਰਮ ਵਾਸਤੇ ਆਪਣੇ ਆਪ ਦੇ ਹੀ ਨੁਕਸਾਨ ਲਈ ਨਹੀਂ ਕਰ ਰਹੇ?20“ ‘ਇਸ ਲਈ ਯਾਹਵੇਹ ਇਹ ਆਖਦਾ ਹੈ: ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ। ਉਹ ਬਲ ਉੱਠੇਗਾ ਅਤੇ ਬੁਝੇਗਾ ਨਹੀਂ।21“ ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹੀ ਆਖਦਾ ਹੈ: ਅੱਗੇ ਵਧੋ, ਆਪਣੀਆਂ ਹੋਮ ਦੀਆਂ ਭੇਟਾਂ ਨਾਲ ਆਪਣੀਆਂ ਬਲੀਆਂ ਵਧਾਓ ਅਤੇ ਮਾਸ ਖਾਓ!22ਕਿਉਂਕਿ ਜਦੋਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਇਆ ਅਤੇ ਉਹਨਾਂ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਬਾਰੇ ਹੁਕਮ ਹੀ ਨਹੀਂ ਦਿੱਤਾ,23ਪਰ ਮੈਂ ਉਹਨਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਮੇਰੀ ਆਗਿਆ ਮੰਨੋ ਤਾਂ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੇ ਲੋਕ ਹੋਵੋਗੇ। ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਜੋ ਤੁਹਾਡਾ ਭਲਾ ਹੋਵੇ।24ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਇਸ ਦੀ ਬਜਾਏ, ਉਹ ਆਪਣੇ ਦੁਸ਼ਟ ਦਿਲਾਂ ਦੇ ਜ਼ਿੱਦੀ ਇੱਛਾਂ ਨੂੰ ਪੂਰਾ ਕਰਦੇ ਰਹੇ। ਪਰ ਉਹ ਅੱਗੇ ਨਹੀਂ ਵਧੇ ਸਗੋਂ ਪਿਛਾਹਾਂ ਨੂੰ ਹੀ ਗਏ।25ਜਦੋਂ ਤੋਂ ਤੁਹਾਡੇ ਪੁਰਖਿਆਂ ਨੇ ਮਿਸਰ ਛੱਡਿਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਰ ਰੋਜ਼ ਆਪਣੇ ਦਾਸ ਅਰਥਾਤ ਨਬੀਆਂ ਨੂੰ ਤੁਹਾਡੇ ਕੋਲ ਘੱਲਦਾ ਰਿਹਾ।26ਪਰ ਉਹਨਾਂ ਨੇ ਨਾ ਮੇਰੀ ਗੱਲ ਸੁਣੀ ਅਤੇ ਨਾ ਹੀ ਧਿਆਨ ਦਿੱਤਾ। ਉਹ ਕਠੋਰ ਸਨ ਅਤੇ ਉਹਨਾਂ ਨੇ ਆਪਣੇ ਪੁਰਖਿਆਂ ਨਾਲੋਂ ਵੱਧ ਬੁਰਾਈ ਕੀਤੀ।’27“ਜਦੋਂ ਤੁਸੀਂ ਉਹਨਾਂ ਨੂੰ ਇਹ ਸਭ ਕੁਝ ਦੱਸਦੇ ਹੋ, ਤਾਂ ਉਹ ਤੁਹਾਡੀ ਗੱਲ ਨਹੀਂ ਸੁਣਨਗੇ; ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ, ਤਾਂ ਉਹ ਜਵਾਬ ਨਹੀਂ ਦੇਣਗੇ।28ਇਸ ਲਈ ਉਹਨਾਂ ਨੂੰ ਆਖੋ, ਇਹ ਉਹ ਕੌਮ ਹੈ ਜਿਸ ਨੇ ਆਪਣੇ ਯਾਹਵੇਹ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਨਾ ਉਸ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।29“ ‘ਆਪਣੇ ਵਾਲ ਮੁਨਾਓ ਅਤੇ ਸੁੱਟ ਦਿਓ; ਬੰਜਰ ਉਚਾਈਆਂ ਤੇ ਵਿਰਲਾਪ ਕਰੋ, ਕਿਉਂਕਿ ਯਾਹਵੇਹ ਨੇ ਇਸ ਪੀੜ੍ਹੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਪੀੜ੍ਹੀ ਨੂੰ ਛੱਡ ਦਿੱਤਾ ਹੈ ਜੋ ਉਸ ਦੇ ਕ੍ਰੋਧ ਦੇ ਅਧੀਨ ਹੈ।
ਕਤਲ ਦੀ ਘਾਟੀ
30“ ‘ਯਹੂਦਾਹ ਦੇ ਲੋਕਾਂ ਨੇ ਮੇਰੀ ਨਿਗਾਹ ਵਿੱਚ ਬਦੀ ਕੀਤੀ ਹੈ, ਯਾਹਵੇਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਮੂਰਤੀਆਂ ਰੱਖੀਆਂ ਕਿ ਉਸ ਨੂੰ ਭਰਿਸ਼ਟ ਕਰਨ।31ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ ਲਈ ਬੇਨ-ਹਿੰਨੋਮ ਦੀ ਵਾਦੀ ਵਿੱਚ ਤੋਫੇਥ ਦੇ ਉੱਚੇ ਸਥਾਨ ਬਣਾਏ ਹਨ ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।32ਯਾਹਵੇਹ ਇਹ ਆਖਦਾ ਹੈ, ਇਸ ਲਈ ਸਾਵਧਾਨ ਰਹੋ, ਉਹ ਦਿਨ ਆ ਰਹੇ ਹਨ, ਜਦੋਂ ਲੋਕ ਹੁਣ ਇਸਨੂੰ ਤੋਫੇਥ ਜਾਂ ਬੇਨ-ਹਿੰਨੋਮ ਦੀ ਵਾਦੀ ਨਹੀਂ ਕਹਿਣਗੇ, ਪਰ ਕਤਲ ਦੀ ਵਾਦੀ, ਕਿਉਂਕਿ ਉਹ ਮੁਰਦਿਆਂ ਨੂੰ ਤੋਫੇਥ ਵਿੱਚ ਉਦੋਂ ਤੱਕ ਦਫ਼ਨਾਉਣਗੇ ਜਦੋਂ ਤੱਕ ਹੋਰ ਥਾਂ ਨਾ ਹੋਵੇ।33ਤਦ ਇਨ੍ਹਾਂ ਲੋਕਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀ ਅਤੇ ਧਰਤੀ ਦੇ ਦਰਿੰਦੇ ਖਾਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ।34ਮੈਂ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚੋਂ ਖੁਸ਼ੀ ਦੀ ਆਵਾਜ਼, ਅਨੰਦ ਦੀ ਆਵਾਜ਼, ਲਾੜੇ ਦੀ ਆਵਾਜ਼ ਅਤੇ ਲਾੜੀ ਦੀ ਆਵਾਜ਼ ਬੰਦ ਕਰ ਦਿਆਂਗਾ ਕਿਉਂ ਜੋ ਇਹ ਦੇਸ਼ ਉਜਾੜ ਬਣ ਜਾਵੇਗਾ।Biblica, Inc.