ਯਿਰਮਿਯਾਹ52
ਯੇਰੂਸ਼ਲੇਮ ਦਾ ਪਤਨ
1ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਉਹ ਲਿਬਨਾਹ ਨਗਰ ਤੋਂ ਸੀ ਅਤੇ ਯਿਰਮਿਯਾਹ ਦੀ ਧੀ ਸੀ।2ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਯਹੋਯਾਕੀਮ ਨੇ ਕੀਤੀ ਸੀ।3ਇਹ ਯਾਹਵੇਹ ਦੇ ਗੁੱਸੇ ਦੇ ਕਾਰਨ ਸੀ ਕਿ ਇਹ ਸਭ ਕੁਝ ਯੇਰੂਸ਼ਲੇਮ ਅਤੇ ਯਹੂਦਾਹ ਨਾਲ ਵਾਪਰਿਆ, ਅਤੇ ਅੰਤ ਵਿੱਚ ਉਸਨੇ ਉਹਨਾਂ ਨੂੰ ਆਪਣੀ ਮੌਜ਼ੂਦਗੀ ਤੋਂ ਬਾਹਰ ਕੱਢ ਦਿੱਤਾ।ਹੁਣ ਸਿਦਕੀਯਾਹ ਨੇ ਬਾਬੇਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।4ਇਸ ਲਈ ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਫ਼ੌਜ ਨਾਲ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ। ਉਹਨਾਂ ਨੇ ਸ਼ਹਿਰ ਦੇ ਬਾਹਰ ਡੇਰੇ ਲਾਏ ਅਤੇ ਚਾਰੇ ਪਾਸੇ ਘੇਰਾਬੰਦੀ ਕੀਤੀ।5ਰਾਜੇ ਸਿਦਕੀਯਾਹ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਨੂੰ ਘੇਰਾਬੰਦੀ ਵਿੱਚ ਰੱਖਿਆ ਗਿਆ।6ਚੌਥੇ ਮਹੀਨੇ ਦੇ ਨੌਵੇਂ ਦਿਨ ਤੱਕ ਸ਼ਹਿਰ ਵਿੱਚ ਕਾਲ ਇੰਨਾ ਭਿਆਨਕ ਹੋ ਗਿਆ ਸੀ ਕਿ ਲੋਕਾਂ ਦੇ ਖਾਣ ਲਈ ਭੋਜਨ ਨਹੀਂ ਸੀ।7ਤਦ ਸ਼ਹਿਰ ਦੀ ਕੰਧ ਢਾਹ ਦਿੱਤੀ ਗਈ ਅਤੇ ਸਾਰੀ ਫ਼ੌਜ ਰਾਤ ਨੂੰ ਰਾਜੇ ਦੇ ਬਾਗ਼ ਦੇ ਕੋਲ ਦੋ ਕੰਧਾਂ ਦੇ ਵਿਚਕਾਰਲੇ ਫਾਟਕ ਵਿੱਚੋਂ ਭੱਜ ਗਈ, ਭਾਵੇਂ ਬਾਬੇਲ ਦੇ ਲੋਕ ਸ਼ਹਿਰ ਨੂੰ ਘੇਰ ਰਹੇ ਸਨ। ਉਹ ਅਰਾਬਾਹ ਵੱਲ ਭੱਜੇ,8ਪਰ ਕਸਦੀਆਂ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਉਸਨੂੰ ਫੜ ਲਿਆ। ਉਹ ਦੇ ਸਾਰੇ ਸਿਪਾਹੀ ਉਸ ਤੋਂ ਵੱਖ ਹੋ ਗਏ ਅਤੇ ਖਿੰਡ ਗਏ,9ਅਤੇ ਉਹ ਫੜਿਆ ਗਿਆ।
ਉਸਨੂੰ ਹਮਾਥ ਦੀ ਧਰਤੀ ਵਿੱਚ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲਿਜਾਇਆ ਗਿਆ, ਜਿੱਥੇ ਉਸਨੇ ਉਸਨੂੰ ਸਜ਼ਾ ਸੁਣਾਈ।10ਉੱਥੇ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ। ਉਸਨੇ ਯਹੂਦਾਹ ਦੇ ਸਾਰੇ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।11ਤਦ ਬਾਬੇਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬੇਲ ਵਿੱਚ ਲੈ ਗਿਆ ਜਿੱਥੇ ਉਸ ਨੇ ਉਸ ਨੂੰ ਮੌਤ ਦੇ ਦਿਨ ਤੱਕ ਕੈਦ ਵਿੱਚ ਰੱਖਿਆ।12ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਉਨ੍ਹੀਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਦਸਵੇਂ ਦਿਨ, ਸ਼ਾਹੀ ਪਹਿਰੇਦਾਰਾਂ ਦਾ ਸੈਨਾਪਤੀ ਨਬੂਜ਼ਰਦਾਨ, ਜੋ ਬਾਬੇਲ ਦੇ ਰਾਜੇ ਦੀ ਸੇਵਾ ਕਰਦਾ ਸੀ, ਯੇਰੂਸ਼ਲੇਮ ਵਿੱਚ ਆਇਆ।13ਉਸਨੇ ਯਾਹਵੇਹ ਦੇ ਹੈਕਲ, ਸ਼ਾਹੀ ਮਹਿਲ ਅਤੇ ਯੇਰੂਸ਼ਲੇਮ ਦੇ ਸਾਰੇ ਘਰਾਂ ਨੂੰ ਅੱਗ ਲਗਾ ਦਿੱਤੀ। ਹਰ ਮਹੱਤਵਪੂਰਨ ਇਮਾਰਤ ਉਸ ਨੇ ਸਾੜ ਦਿੱਤੀ।14ਅਤੇ ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ।15ਅਤੇ ਲੋਕਾਂ ਦੇ ਅੱਤ ਗਰੀਬਾਂ ਵਿੱਚੋਂ ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜਿਹੜੇ ਬਾਬੇਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਕਾਰੀਗਰਾਂ ਦੇ ਬਚੇ ਹੋਏ ਲੋਕਾਂ ਨੂੰ ਪਹਿਰੇਦਾਰਾਂ ਦਾ ਸਰਦਾਰ ਨਬੂਜ਼ਰਦਾਨ ਗ਼ੁਲਾਮ ਬਣਾ ਕੇ ਲੈ ਗਿਆ।16ਪਰ ਨਬੂਜ਼ਰਦਾਨ ਨੇ ਅੰਗੂਰੀ ਬਾਗਾਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਦੇਸ਼ ਦੇ ਬਾਕੀ ਗਰੀਬ ਲੋਕਾਂ ਨੂੰ ਪਿੱਛੇ ਛੱਡ ਦਿੱਤਾ।17ਕਸਦੀਆਂ ਨੇ ਕਾਂਸੀ ਦੇ ਥੰਮ੍ਹਾਂ, ਖੰਭਿਆਂ ਅਤੇ ਕਾਂਸੀ ਦੇ ਸਮੁੰਦਰ ਨੂੰ ਤੋੜ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ ਅਤੇ ਉਹ ਸਾਰਾ ਪਿੱਤਲ ਬਾਬੇਲ ਦੇਸ਼ ਵਿੱਚ ਲੈ ਗਏ।18ਅਤੇ ਉਹ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਲੈ ਗਏ।19ਸ਼ਾਹੀ ਪਹਿਰੇਦਾਰਾਂ ਦੇ ਅਧਿਕਾਰੀਆਂ ਨੇ ਕਟੋਰੇ, ਧੂਪਦਾਨ, ਛਿੜਕਣ ਵਾਲੇ ਕਟੋਰੇ, ਬਰਤਨ, ਸ਼ਮਾਦਾਨ, ਪਕਵਾਨ ਅਤੇ ਪੀਣ ਦੀਆਂ ਭੇਟਾਂ ਲਈ ਵਰਤੇ ਗਏ, ਕਟੋਰੇ ਉਹ ਸਭ ਕੁਝ ਜੋ ਸ਼ੁੱਧ ਸੋਨੇ ਜਾਂ ਚਾਂਦੀ ਦੇ ਬਣੇ ਹੋਏ ਸਨ ਲੈ ਗਏ।20ਰਹੇ ਦੋ ਥੰਮ੍ਹ, ਵੱਡਾ ਹੌਦ, ਉਹ ਦੇ ਹੇਠਾਂ ਦੇ ਬਾਰਾਂ ਬਲਦਾਂ, ਅਤੇ ਕੁਰਸੀਆਂ ਜਿਨ੍ਹਾਂ ਨੂੰ ਰਾਜਾ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ।21ਹਰ ਥੰਮ੍ਹ ਅਠਾਰਾਂ ਹੱਥ ਉੱਚਾ ਅਤੇ ਘੇਰੇ ਵਿੱਚ ਬਾਰਾਂ ਹੱਥ ਸੀ। ਹਰ ਇੱਕ ਚਾਰ ਉਂਗਲਾਂ ਮੋਟਾ ਅਤੇ ਖੋਖਲਾ ਸੀ।22ਉਸ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਪੰਜ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਸਰੇ ਥੰਮ੍ਹ ਉੱਤੇ ਵੀ ਇਸੇ ਤਰ੍ਹਾਂ ਅਨਾਰ ਸਨ।23ਛਿਆਨਵੇਂ ਅਨਾਰ ਉਸ ਦੇ ਪਾਸੇ ਉੱਤੇ ਸਨ ਅਤੇ ਜਾਲੀ ਦੇ ਦੁਆਲੇ ਦੇ ਸਾਰੇ ਅਨਾਰ ਇੱਕ ਸੌ ਸਨ।24ਪਹਿਰੇਦਾਰਾਂ ਦੇ ਸਰਦਾਰ ਨੇ ਮੁੱਖ ਜਾਜਕ ਸਰਾਯਾਹ, ਸਫ਼ਨਯਾਹ ਜਾਜਕ ਅਤੇ ਤਿੰਨ ਦਰਬਾਨਾਂ ਨੂੰ ਕੈਦੀ ਬਣਾ ਲਿਆ।25ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਲੜਨ ਵਾਲਿਆ ਸੂਰਮਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਪੰਜ ਸ਼ਾਹੀ ਸਲਾਹਕਾਰਾਂ ਨੂੰ ਵੀ ਲਿਆ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ਼ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ਼ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ।26ਸੈਨਾਪਤੀ ਨਬੂਜ਼ਰਦਾਨ ਉਹਨਾਂ ਸਾਰਿਆਂ ਨੂੰ ਲੈ ਕੇ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲੈ ਆਇਆ।27ਉੱਥੇ ਹਮਾਥ ਦੇ ਦੇਸ਼ ਵਿੱਚ ਰਿਬਲਾਹ ਵਿੱਚ ਰਾਜੇ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਲਈ ਯਹੂਦਾਹ ਆਪਣੀ ਧਰਤੀ ਤੋਂ ਦੂਰ, ਗ਼ੁਲਾਮੀ ਵਿੱਚ ਚਲਾ ਗਿਆ।28ਇਹ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਨੂੰ ਨਬੂਕਦਨੱਸਰ ਨੇ ਗ਼ੁਲਾਮੀ ਵਿੱਚ ਲਿਆਂਦਾ:
ਸੱਤਵੇਂ ਸਾਲ ਵਿੱਚ, 3,023 ਯਹੂਦੀ;29ਨਬੂਕਦਨੱਸਰ ਦੇ ਅਠਾਰਵੇਂ ਸਾਲ ਵਿੱਚ, ਯੇਰੂਸ਼ਲੇਮ ਤੋਂ 832 ਲੋਕ;30ਨਬੂਕਦਨੱਸਰ ਦੇ ਤੇਈਵੇਂ ਸਾਲ, ਨਬੂਜ਼ਰਦਾਨ ਪਹਿਰੇਦਾਰਾ ਦਾ ਸਰਦਾਰ 745 ਯਹੂਦੀ ਗ਼ੁਲਾਮ ਕਰ ਕੇ ਲੈ ਗਿਆ।
ਕੁੱਲ ਮਿਲਾ ਕੇ 4,600 ਲੋਕ ਸਨ।
ਯਹੋਯਾਕੀਨ ਦੀ ਅਜ਼ਾਦੀ
31ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ, ਜਿਸ ਸਾਲ ਆਵੇਲ-ਮਾਰਦੂਕ ਬਾਬੇਲ ਦਾ ਰਾਜਾ ਬਣਿਆ, ਬਾਰ੍ਹਵੇਂ ਮਹੀਨੇ ਦੇ ਪੱਚੀਵੇਂ ਦਿਨ, ਉਸਨੇ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਤੋਂ ਰਿਹਾ ਕਰ ਦਿੱਤਾ।32ਉਸ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਅਤੇ ਉਸ ਨੂੰ ਬਾਕੀ ਰਾਜਿਆਂ ਨਾਲੋਂ ਉੱਚਾ ਸਨਮਾਨ ਦਿੱਤਾ ਜੋ ਬਾਬੇਲ ਵਿੱਚ ਉਸ ਦੇ ਨਾਲ ਸਨ।33ਇਸ ਲਈ ਯਹੋਯਾਕੀਨ ਨੇ ਜੇਲ੍ਹ ਦੇ ਕੱਪੜੇ ਲਾਹ ਸੁੱਟੇ ਅਤੇ ਸਾਰੀ ਉਮਰ ਰਾਜੇ ਦੇ ਮੇਜ਼ ਉੱਤੇ ਖਾਧਾ।34ਬਾਬੇਲ ਦਾ ਰਾਜਾ ਯਹੋਯਾਕੀਨ ਨੂੰ ਜਿੰਨਾ ਚਿਰ ਉਹ ਜਿਉਂਦਾ ਰਿਹਾ, ਉਸਦੀ ਮੌਤ ਦੇ ਦਿਨ ਤੀਕ, ਹਰ ਰੋਜ਼ ਇੱਕ ਨਿਯਮਤ ਭੱਤਾ ਦਿੰਦਾ ਰਿਹਾ।Biblica, Inc.