ਯਿਰਮਿਯਾਹ32

ਯਿਰਮਿਯਾਹ ਦਾ ਇੱਕ ਖੇਤ ਖਰੀਦਣ

1ਇਹ ਉਹ ਬਚਨ ਹੈ ਜੋ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਦਸਵੇਂ ਸਾਲ ਵਿੱਚ, ਜੋ ਕਿ ਨਬੂਕਦਨੱਸਰ ਦਾ ਅਠਾਰਵਾਂ ਸਾਲ ਸੀ, ਯਾਹਵੇਹ ਵੱਲੋਂ ਯਿਰਮਿਯਾਹ ਨੂੰ ਆਇਆ ਸੀ।2ਉਸ ਵੇਲੇ ਬਾਬੇਲ ਦੇ ਰਾਜੇ ਦੀ ਫ਼ੌਜ ਨੇ ਯੇਰੂਸ਼ਲੇਮ ਨੂੰ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਯਹੂਦਾਹ ਦੇ ਸ਼ਾਹੀ ਮਹਿਲ ਵਿੱਚ ਪਹਿਰੇਦਾਰਾਂ ਦੇ ਵਿਹੜੇ ਵਿੱਚ ਬੰਦ ਸੀ।
3ਹੁਣ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਉਸਨੂੰ ਇਹ ਕਹਿ ਕੇ ਕੈਦ ਕਰ ਲਿਆ ਸੀ, “ਤੂੰ ਆਪਣੇ ਵਾਂਗ ਅਗੰਮਵਾਕ ਕਿਉਂ ਕਰਦਾ ਹੈ? ਤੁਸੀਂ ਆਖਦੇ ਹੋ, ‘ਯਾਹਵੇਹ ਇਹ ਆਖਦਾ ਹੈ: ਮੈਂ ਇਸ ਸ਼ਹਿਰ ਨੂੰ ਬਾਬੇਲ ਦੇ ਰਾਜੇ ਦੇ ਹੱਥਾਂ ਵਿੱਚ ਦੇਣ ਵਾਲਾ ਹਾਂ, ਅਤੇ ਉਹ ਇਸ ਉੱਤੇ ਕਬਜ਼ਾ ਕਰ ਲਵੇਗਾ।4ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ-ਮੁੱਚ ਬਾਬੇਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ।5ਉਹ ਸਿਦਕੀਯਾਹ ਨੂੰ ਬਾਬੇਲ ਵਿੱਚ ਲੈ ਜਾਵੇਗਾ। ਉਹ ਉੱਥੇ ਰਹੇਗਾ ਜਦ ਤੱਕ ਮੈਂ ਉਹ ਦੀ ਖ਼ਬਰ ਨਾ ਲਵਾਂ, ਯਾਹਵੇਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ।’ ”
6ਯਿਰਮਿਯਾਹ ਨੇ ਆਖਿਆ, “ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:7ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ, ‘ਅਨਾਥੋਥ ਵਿੱਚ ਮੇਰਾ ਖੇਤ ਖਰੀਦ ਲੈ ਕਿਉਂਕਿ ਇਹ ਤੁਹਾਡਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਨੂੰ ਖਰੀਦਣ ਦਾ ਅਧਿਕਾਰ ਅਤੇ ਫਰਜ਼ ਹੈ।’
8“ਫਿਰ, ਜਿਵੇਂ ਯਾਹਵੇਹ ਨੇ ਕਿਹਾ ਸੀ, ਮੇਰਾ ਚਚੇਰਾ ਭਰਾ ਹਨਮਏਲ ਪਹਿਰੇਦਾਰ ਦੇ ਵਿਹੜੇ ਵਿੱਚ ਮੇਰੇ ਕੋਲ ਆਇਆ ਅਤੇ ਕਿਹਾ, ‘ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਵਿੱਚ ਮੇਰਾ ਖੇਤ ਖਰੀਦ ਲੈ। ਕਿਉਂਕਿ ਇਸ ਨੂੰ ਛੁਡਾਉਣਾ ਅਤੇ ਇਸਨੂੰ ਆਪਣੇ ਕੋਲ ਰੱਖਣਾ ਤੁਹਾਡਾ ਅਧਿਕਾਰ ਹੈ, ਇਸ ਲਈ ਇਸਨੂੰ ਆਪਣੇ ਲਈ ਖਰੀਦੋ।’
“ਮੈਂ ਜਾਣਦਾ ਸੀ ਕਿ ਇਹ ਯਾਹਵੇਹ ਦਾ ਬਚਨ ਸੀ;
9ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਦੋ ਸੌ ਗ੍ਰਾਮ ਚਾਂਦੀ।10ਤਾਂ ਮੈਂ ਬੈ-ਨਾਮੇ ਉੱਤੇ ਦਸਖ਼ਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ, ਅਤੇ ਤੱਕੜੀ ਤੇ ਚਾਂਦੀ ਨੂੰ ਤੋਲਿਆ।11ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂੰਨਾਂ ਅਤੇ ਬਿਧੀਆਂ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਵੀ ਲਿਆ12ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਹਨਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਹਸਤਾਖਰ ਕੀਤੇ ਸਨ ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ।
13“ਉਹਨਾਂ ਦੀ ਮੌਜੂਦਗੀ ਵਿੱਚ ਮੈਂ ਬਾਰੂਕ ਨੂੰ ਇਹ ਹਿਦਾਇਤਾਂ ਦਿੱਤੀਆਂ:14‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੈ-ਨਾਮਾ ਅਤੇ ਇਹ ਖੁੱਲ੍ਹੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਭਈ ਉਹ ਬਹੁਤ ਦਿਨਾਂ ਤੱਕ ਰਹਿ ਸਕਣ।15ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ, ਇਸ ਧਰਤੀ ਵਿੱਚ ਘਰ, ਖੇਤ ਅਤੇ ਅੰਗੂਰੀ ਬਾਗ ਦੁਬਾਰਾ ਖਰੀਦੇ ਜਾਣਗੇ।’
16“ਮੈਂ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਖਰੀਦਦਾਰੀ ਦੇਣ ਤੋਂ ਬਾਅਦ, ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ:
17“ਹੇ ਪ੍ਰਭੂ ਯਾਹਵੇਹ, ਵੇਖ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ।18ਤੁਸੀਂ ਹਜ਼ਾਰਾਂ ਨੂੰ ਪਿਆਰ ਦਿਖਾਉਂਦਾ ਹੈ ਅਤੇ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਦੀ ਗੋਦ ਵਿੱਚ ਲਿਆਉਂਦਾ ਹੈ, ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ਵਰ, ਜਿਸ ਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ,19ਤੁਹਾਡੇ ਉਦੇਸ਼ ਮਹਾਨ ਹਨ ਅਤੇ ਤੁਹਾਡੇ ਕੰਮ ਮਹਾਨ ਹਨ। ਤੁਹਾਡੀਆਂ ਅੱਖਾਂ ਸਾਰੀ ਮਨੁੱਖਜਾਤੀ ਦੇ ਰਾਹਾਂ ਲਈ ਖੁੱਲੀਆਂ ਹਨ; ਤੁਸੀਂ ਹਰੇਕ ਵਿਅਕਤੀ ਨੂੰ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਹੱਕਦਾਰ ਅਨੁਸਾਰ ਇਨਾਮ ਦਿੰਦਾ ਹੈ।20ਤੂੰ ਮਿਸਰ ਵਿੱਚ ਨਿਸ਼ਾਨ ਅਤੇ ਅਚੰਭੇ ਦਿਖਾਏ ਅਤੇ ਉਹਨਾਂ ਨੂੰ ਅੱਜ ਤੱਕ ਇਸਰਾਏਲ ਵਿੱਚ ਅਤੇ ਸਾਰੀ ਮਨੁੱਖਜਾਤੀ ਵਿੱਚ ਜਾਰੀ ਰੱਖਿਆ ਹੈ ਅਤੇ ਉਹ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਜੋ ਅਜੇ ਵੀ ਤੁਹਾਡੀ ਹੈ।21ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ, ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਬਹੁਤ ਡਰ ਨਾਲ ਲਿਆਇਆ।22ਤੂੰ ਉਹਨਾਂ ਨੂੰ ਇਹ ਧਰਤੀ ਦਿੱਤੀ ਸੀ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।23ਉਹਨਾਂ ਨੇ ਉਸ ਵਿੱਚ ਆ ਕੇ ਇਸ ਉੱਤੇ ਕਬਜ਼ਾ ਕਰ ਲਿਆ, ਪਰ ਉਹਨਾਂ ਨੇ ਤੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਤੇਰੇ ਕਾਨੂੰਨ ਦੀ ਪਾਲਣਾ ਕੀਤੀ; ਉਹਨਾਂ ਨੇ ਉਹ ਨਹੀਂ ਕੀਤਾ ਜੋ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ ਤੂੰ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਂਦੀ ਹੈ।
24“ਦੇਖੋ ਸ਼ਹਿਰ ਨੂੰ ਲੈ ਜਾਣ ਲਈ ਘੇਰਾਬੰਦੀ ਦੇ ਢਲਾਣ ਕਿਵੇਂ ਬਣਾਏ ਗਏ ਹਨ। ਤਲਵਾਰ, ਕਾਲ ਅਤੇ ਬਿਮਾਰੀ ਦੇ ਕਾਰਨ, ਸ਼ਹਿਰ ਨੂੰ ਕਸਦੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਇਸ ਉੱਤੇ ਹਮਲਾ ਕਰ ਰਹੇ ਹਨ। ਜੋ ਤੁੂੰ ਕਿਹਾ ਉਹ ਹੋਇਆ, ਜਿਵੇਂ ਤੂੰ ਹੁਣ ਆਪ ਵੇਖਿਆ ਹੈ।25ਹੇ ਪ੍ਰਭੂ ਯਾਹਵੇਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ‘ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।’ ”
26ਫਿਰ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:27“ਮੈਂ ਯਾਹਵੇਹ ਸਾਰੀ ਮਨੁੱਖਜਾਤੀ ਦਾ ਪਰਮੇਸ਼ਵਰ ਹਾਂ। ਕੀ ਮੇਰੇ ਲਈ ਕੁਝ ਬਹੁਤ ਔਖਾ ਹੈ?28ਇਸ ਲਈ ਯਾਹਵੇਹ ਇਹ ਆਖਦਾ ਹੈ: ਮੈਂ ਇਸ ਸ਼ਹਿਰ ਨੂੰ ਕਸਦੀਆਂ ਅਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਦੇ ਹੱਥਾਂ ਵਿੱਚ ਦੇਣ ਵਾਲਾ ਹਾਂ, ਜੋ ਇਸ ਉੱਤੇ ਕਬਜ਼ਾ ਕਰ ਲਵੇਗਾ।29ਕਸਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਆਉਣਗੇ ਅਤੇ ਇਸ ਸ਼ਹਿਰ ਨੂੰ ਅੱਗ ਲਾ ਦੇਣਗੇ ਅਤੇ ਇਸ ਨੂੰ ਸਾੜ ਦੇਣਗੇ ਅਤੇ ਉਹਨਾਂ ਘਰਾਂ ਨੂੰ ਵੀ ਜਿਹਨਾਂ ਦੀਆਂ ਛੱਤਾਂ ਉੱਤੇ ਉਹਨਾਂ ਨੇ ਬਆਲ ਲਈ ਧੂਪ ਧੁਖਾਈ ਅਤੇ ਦੂਜੇ ਦੇਵਤਿਆਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਕਿ ਮੈਨੂੰ ਗੁੱਸਾ ਚੜ੍ਹਾਉਣ।
30“ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੇ ਆਪਣੀ ਜਵਾਨੀ ਤੋਂ ਮੇਰੀ ਨਿਗਾਹ ਵਿੱਚ ਬੁਰਿਆਈ ਤੋਂ ਇਲਾਵਾ ਕੁਝ ਨਹੀਂ ਕੀਤਾ; ਸੱਚਮੁੱਚ, ਇਸਰਾਏਲ ਦੇ ਲੋਕਾਂ ਨੇ ਕੁਝ ਨਹੀਂ ਕੀਤਾ ਪਰ ਮੇਰੇ ਕ੍ਰੋਧ ਨੂੰ ਆਪਣੇ ਹੱਥਾਂ ਨਾਲ ਬਣਾਇਆ ਹੈ, ਯਾਹਵੇਹ ਦਾ ਵਾਕ ਹੈ।31ਜਿਸ ਦਿਨ ਤੋਂ ਇਹ ਬਣਾਇਆ ਗਿਆ ਸੀ, ਹੁਣ ਤੱਕ, ਇਸ ਸ਼ਹਿਰ ਨੇ ਮੇਰੇ ਗੁੱਸੇ ਅਤੇ ਕ੍ਰੋਧ ਨੂੰ ਇੰਨਾ ਭੜਕਾਇਆ ਹੈ ਕਿ ਮੈਨੂੰ ਇਸਨੂੰ ਆਪਣੀ ਨਜ਼ਰ ਤੋਂ ਹਟਾ ਦੇਣਾ ਚਾਹੀਦਾ ਹੈ।32ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੇ ਉਹਨਾਂ ਸਾਰੀਆਂ ਬੁਰਾਈਆਂ ਦੁਆਰਾ ਮੈਨੂੰ ਭੜਕਾਇਆ ਹੈ, ਉਹ ਉਹਨਾਂ ਦੇ ਰਾਜਿਆਂ ਅਤੇ ਅਧਿਕਾਰੀਆਂ, ਉਹਨਾਂ ਦੇ ਜਾਜਕਾਂ ਅਤੇ ਨਬੀਆਂ, ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ।33ਉਹਨਾਂ ਨੇ ਮੇਰੇ ਵੱਲ ਆਪਣੀ ਪਿੱਠ ਕਰ ਲਈ ਹੈ ਪਰ ਮੂੰਹ ਨਹੀਂ; ਭਾਵੇਂ ਮੈਂ ਉਹਨਾਂ ਨੂੰ ਵਾਰ-ਵਾਰ ਸਿਖਾਇਆ, ਪਰ ਉਹਨਾਂ ਨੇ ਅਨੁਸ਼ਾਸਨ ਨੂੰ ਸੁਣਿਆ ਜਾਂ ਜਵਾਬ ਨਹੀਂ ਦਿੱਤਾ।34ਉਹਨਾਂ ਨੇ ਆਪਣੀਆਂ ਭੈੜੀਆਂ ਮੂਰਤੀਆਂ ਉਸ ਘਰ ਵਿੱਚ ਸਥਾਪਿਤ ਕੀਤੀਆਂ ਜਿਨ੍ਹਾਂ ਵਿੱਚ ਮੇਰਾ ਨਾਮ ਹੈ ਅਤੇ ਉਸ ਨੂੰ ਭ੍ਰਿਸ਼ਟ ਕੀਤਾ।35ਉਹਨਾਂ ਨੇ ਬੇਨ-ਹਿੰਨੋਮ ਦੀ ਵਾਦੀ ਵਿੱਚ ਬਆਲ ਦੇ ਲਈ ਉੱਚੇ ਸਥਾਨ ਬਣਾਏ ਤਾਂ ਜੋ ਉਹ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲੋਕ ਦੇ ਅੱਗੇ ਬਲੀਦਾਨ ਕਰਨ, ਭਾਵੇਂ ਮੈਂ ਕਦੇ ਹੁਕਮ ਨਹੀਂ ਦਿੱਤਾ, ਨਾ ਹੀ ਮੇਰੇ ਮਨ ਵਿੱਚ ਆਇਆ, ਕਿ ਉਹ ਅਜਿਹਾ ਘਿਣਾਉਣਾ ਕੰਮ ਕਰਨ ਅਤੇ ਇਸ ਤਰ੍ਹਾਂ ਯਹੂਦਾਹ ਤੋਂ ਪਾਪ ਕਰਾਉਣ।
36“ਇਸ ਲਈ ਹੁਣ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬੇਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ:37ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਧਰਤੀਆਂ ਤੋਂ ਜ਼ਰੂਰ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਆਪਣੇ ਭਿਆਨਕ ਕ੍ਰੋਧ ਅਤੇ ਵੱਡੇ ਕ੍ਰੋਧ ਵਿੱਚ ਬਾਹਰ ਕੱਢਾਂਗਾ। ਮੈਂ ਉਹਨਾਂ ਨੂੰ ਇਸ ਜਗ੍ਹਾ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਸੁਰੱਖਿਅਤ ਰਹਿਣ ਦੇਵਾਂਗਾ।38ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।39ਮੈਂ ਉਹਨਾਂ ਨੂੰ ਦਿਲ ਅਤੇ ਕੰਮ ਦੀ ਅਡੋਲ ਦਿਆਂਗਾ, ਤਾਂ ਜੋ ਉਹ ਸਦਾ ਮੇਰੇ ਤੋਂ ਡਰਦੇ ਰਹਿਣ ਅਤੇ ਫਿਰ ਉਹਨਾਂ ਦਾ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚਿਆਂ ਦਾ ਸਭ ਕੁਝ ਚੰਗਾ ਹੋਵੇ।40ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ: ਮੈਂ ਉਹਨਾਂ ਦਾ ਭਲਾ ਕਰਨ ਤੋਂ ਕਦੇ ਨਹੀਂ ਰੁਕਾਂਗਾ, ਅਤੇ ਮੈਂ ਉਹਨਾਂ ਨੂੰ ਮੇਰੇ ਤੋਂ ਡਰਨ ਲਈ ਪ੍ਰੇਰਿਤ ਕਰਾਂਗਾ, ਤਾਂ ਜੋ ਉਹ ਕਦੇ ਵੀ ਮੇਰੇ ਤੋਂ ਦੂਰ ਨਾ ਹੋਣ।41ਮੈਂ ਉਹਨਾਂ ਦਾ ਭਲਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਾਂਗਾ ਅਤੇ ਉਹਨਾਂ ਨੂੰ ਆਪਣੇ ਪੂਰੇ ਦਿਲ ਅਤੇ ਰੂਹ ਨਾਲ ਇਸ ਧਰਤੀ ਵਿੱਚ ਨਿਸ਼ਚਤ ਰੂਪ ਵਿੱਚ ਲਗਾਵਾਂਗਾ।
42“ਯਾਹਵੇਹ ਇਹੀ ਆਖਦਾ ਹੈ: ਜਿਵੇਂ ਮੈਂ ਇਨ੍ਹਾਂ ਲੋਕਾਂ ਉੱਤੇ ਇਹ ਸਾਰੀ ਵੱਡੀ ਬਿਪਤਾ ਲਿਆਂਦੀ ਹੈ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਉਹ ਸਾਰੀ ਖੁਸ਼ਹਾਲੀ ਦੇਵਾਂਗਾ ਜਿਸਦਾ ਮੈਂ ਉਹਨਾਂ ਨਾਲ ਵਾਅਦਾ ਕੀਤਾ ਹੈ।43ਇਸ ਦੇਸ਼ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ‘ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ। ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ।’44ਉਹ ਚਾਂਦੀ ਨਾਲ ਖੇਤ ਮੁੱਲ ਲੈਣਗੇ ਅਤੇ ਬੈ-ਨਾਮਿਆਂ ਤੇ ਹਸਤਾਖਰ ਕਰਨਗੇ, ਮੋਹਰਾਂ ਲਾਉਂਣਗੇ, ਗਵਾਹ ਗਵਾਹੀ ਦੇਣਗੇ, ਬਿਨਯਾਮੀਨ ਦੇ ਇਲਾਕੇ ਵਿੱਚ, ਯੇਰੂਸ਼ਲੇਮ ਦੇ ਆਲੇ-ਦੁਆਲੇ, ਯਹੂਦਾਹ ਦੇ ਸ਼ਹਿਰਾਂ ਵਿੱਚ, ਪਹਾੜੀ ਸ਼ਹਿਰਾਂ ਵਿੱਚ, ਮੈਦਾਨੀ ਸ਼ਹਿਰਾਂ ਵਿੱਚ ਅਤੇ ਦੱਖਣ ਦੇ ਸ਼ਹਿਰਾਂ ਵਿੱਚ, ਕਿਉਂ ਜੋ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਾਹਵੇਹ ਦਾ ਵਾਕ ਹੈ।”

Biblica, Inc.

https://app.library.bible/content/38de522697cd8943