2 ਇਤਿਹਾਸ12

ਸ਼ੀਸ਼ਕ ਦਾ ਯੇਰੂਸ਼ਲੇਮ ਉੱਤੇ ਹਮਲਾ

1ਰਹਬੁਆਮ ਦੇ ਰਾਜੇ ਵਜੋਂ ਸਥਾਪਿਤ ਹੋਣ ਤੋਂ ਬਾਅਦ ਅਤੇ ਉਹ ਮਜ਼ਬੂਤ ਹੋ ਗਿਆ ਸੀ, ਉਸ ਨੇ ਅਤੇ ਉਸ ਦੇ ਨਾਲ ਸਾਰੇ ਇਸਰਾਏਲੀਆਂ ਨੇ ਯਾਹਵੇਹ ਦੇ ਕਾਨੂੰਨ ਨੂੰ ਛੱਡ ਦਿੱਤਾ।2ਕਿਉਂਕਿ ਉਹ ਯਾਹਵੇਹ ਦੇ ਨਾਲ ਬੇਵਫ਼ਾ ਸਨ, ਮਿਸਰ ਦੇ ਰਾਜਾ ਸ਼ੀਸ਼ਕ ਨੇ ਰਾਜਾ ਰਹਬੁਆਮ ਦੇ ਪੰਜਵੇਂ ਸਾਲ ਵਿੱਚ ਯੇਰੂਸ਼ਲੇਮ ਉੱਤੇ ਹਮਲਾ ਕੀਤਾ।3ਅਤੇ ਉਸ ਦੇ ਨਾਲ ਬਾਰਾਂ ਸੌ ਰਥ ਅਤੇ ਸੱਠ ਹਜ਼ਾਰ ਸਵਾਰ ਸਨ ਅਤੇ ਅਣਗਿਣਤ ਲਿਬੀਆ, ਸੂਕੀ ਅਤੇ ਕੂਸ਼ੀ ਲੋਕ ਜੋ ਉਸ ਦੇ ਨਾਲ ਮਿਸਰ ਤੋਂ ਆਏ ਸਨ,4ਉਸ ਨੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਯੇਰੂਸ਼ਲੇਮ ਤੱਕ ਪਹੁੰਚ ਗਿਆ।
5ਤਦ ਸ਼ਮਅਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਆਗੂਆਂ ਕੋਲ ਆਇਆ ਜਿਹੜੇ ਸ਼ੀਸ਼ਕ ਦੇ ਡਰ ਕਾਰਨ ਯੇਰੂਸ਼ਲੇਮ ਵਿੱਚ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਤੁਸੀਂ ਮੈਨੂੰ ਛੱਡ ਦਿੱਤਾ ਹੈ; ਇਸ ਲਈ ਹੁਣ ਮੈਂ ਤੈਨੂੰ ਸ਼ੀਸ਼ਕ ਲਈ ਛੱਡ ਦਿੰਦਾ ਹਾਂ।’ ”
6ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, “ਯਾਹਵੇਹ ਹੀ ਧਰਮੀ ਹੈ।”
7ਜਦੋਂ ਪਰਮੇਸ਼ਵਰ ਨੇ ਦੇਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਤਾਂ ਪਰਮੇਸ਼ਵਰ ਦਾ ਇਹ ਬਚਨ ਸ਼ਮਅਯਾਹ ਨੂੰ ਆਇਆ, “ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਹੈ, ਮੈਂ ਉਹਨਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਛੇਤੀ ਹੀ ਉਹਨਾਂ ਨੂੰ ਛੁਟਕਾਰਾ ਦੇਵਾਂਗਾ। ਮੇਰਾ ਕ੍ਰੋਧ ਸ਼ੀਸ਼ਕ ਦੇ ਰਾਹੀਂ ਯੇਰੂਸ਼ਲੇਮ ਉੱਤੇ ਨਹੀਂ ਪਵੇਗਾ।8ਹਾਲਾਂਕਿ, ਉਹ ਉਸ ਦੇ ਅਧੀਨ ਹੋ ਜਾਣਗੇ, ਤਾਂ ਜੋ ਉਹ ਮੇਰੀ ਸੇਵਾ ਕਰਨ ਅਤੇ ਹੋਰ ਦੇਸ਼ਾਂ ਦੇ ਰਾਜਿਆਂ ਦੀ ਸੇਵਾ ਕਰਨ ਵਿੱਚ ਅੰਤਰ ਸਿੱਖ ਸਕਣ।”
9ਸੋ ਮਿਸਰ ਦਾ ਰਾਜਾ ਸ਼ੀਸ਼ਕ ਯੇਰੂਸ਼ਲੇਮ ਉੱਚੇ ਚੜ੍ਹ ਆਇਆ ਅਤੇ ਉਹ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨੇ ਲੈ ਗਿਆ ਸਗੋਂ ਉਹ ਸਭ ਕੁਝ ਲੈ ਗਿਆ ਸੋਨੇ ਦੀਆਂ ਢਾਲ਼ਾਂ ਵੀ ਜੋ ਸ਼ਲੋਮੋਨ ਨੇ ਬਣਵਾਈਆਂ ਸਨ।10ਇਸ ਲਈ ਰਾਜਾ ਰਹਬੁਆਮ ਨੇ ਉਹਨਾਂ ਨੂੰ ਬਦਲਣ ਲਈ ਪਿੱਤਲ ਦੀਆਂ ਢਾਲ਼ਾਂ ਬਣਵਾਈਆਂ ਅਤੇ ਇਨ੍ਹਾਂ ਨੂੰ ਸ਼ਾਹੀ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਪਹਿਰੇਦਾਰਾਂ ਨੂੰ ਸੌਂਪ ਦਿੱਤਾ।11ਜਦੋਂ ਵੀ ਰਾਜਾ ਯਾਹਵੇਹ ਦੇ ਭਵਨ ਵਿੱਚ ਜਾਂਦਾ ਸੀ ਤਾਂ ਪਹਿਰੇਦਾਰ ਢਾਲ਼ਾਂ ਲੈ ਕੇ ਉਸ ਦੇ ਨਾਲ ਜਾਂਦੇ ਸਨ ਅਤੇ ਬਾਅਦ ਵਿੱਚ ਉਹ ਉਹਨਾਂ ਨੂੰ ਪਹਿਰੇ ਵਾਲੇ ਕਮਰੇ ਵਿੱਚ ਵਾਪਸ ਰੱਖ ਦਿੰਦੇ ਸਨ।
12ਕਿਉਂਕਿ ਰਹਬੁਆਮ ਨੇ ਆਪਣੇ ਆਪ ਨੂੰ ਨਿਮਰ ਬਣਾਇਆ, ਯਾਹਵੇਹ ਦਾ ਕ੍ਰੋਧ ਉਸ ਤੋਂ ਹਟ ਗਿਆ ਅਤੇ ਉਹ ਪੂਰੀ ਤਰ੍ਹਾਂ ਤਬਾਹ ਨਹੀਂ ਹੋਇਆ, ਇਸ ਸਮੇਂ ਯਹੂਦੀਆ ਦੀ ਹਾਲਤ ਵੀ ਕੁਝ ਚੰਗੀ ਸੀ।
13ਰਾਜਾ ਰਹਬੁਆਮ ਨੇ ਆਪਣੇ ਆਪ ਨੂੰ ਯੇਰੂਸ਼ਲੇਮ ਵਿੱਚ ਮਜ਼ਬੂਤੀ ਨਾਲ ਸਥਾਪਿਤ ਕੀਤਾ ਅਤੇ ਰਾਜ ਕਰਦਾ ਰਿਹਾ। ਜਦੋਂ ਉਹ ਰਾਜਾ ਬਣਿਆ ਤਾਂ ਉਹ ਇੱਕਤਾਲੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਸਤਾਰਾਂ ਸਾਲ ਰਾਜ ਕੀਤਾ, ਜਿਸ ਸ਼ਹਿਰ ਨੂੰ ਯਾਹਵੇਹ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਜਿਸ ਵਿੱਚ ਆਪਣਾ ਨਾਮ ਰੱਖਣ ਲਈ ਚੁਣਿਆ ਗਿਆ ਸੀ। ਉਸਦੀ ਮਾਤਾ ਦਾ ਨਾਮ ਨਾਮਾਹ ਸੀ ਜੋ ਕਿ ਉਹ ਇੱਕ ਅੰਮੋਨੀ ਸੀ।14ਉਸ ਨੇ ਬੁਰਿਆਈ ਕੀਤੀ ਕਿਉਂ ਜੋ ਉਸ ਨੇ ਯਾਹਵੇਹ ਦੀ ਖੋਜ ਵਿੱਚ ਆਪਣਾ ਮੰਨ ਨਾ ਲਾਇਆ।
15ਅਤੇ ਰਹਬੁਆਮ ਦੇ ਕੰਮ ਮੁੱਢ ਤੋਂ ਅੰਤ ਤੀਕ ਉਹ ਸ਼ਮਅਯਾਹ ਨਬੀ ਅਤੇ ਇੱਦੋ ਗੈਬਦਾਨ ਦੇ ਇਤਿਹਾਸ ਵਿੱਚ ਕੁਲ ਪੱਤ੍ਰੀ ਦੇ ਅਨੁਸਾਰ ਲਿਖੇ ਹਨ। ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਲੜਾਈ ਹੁੰਦੀ ਰਹਿੰਦੀ ਸੀ।16ਰਹਬੁਆਮ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਬੀਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

Biblica, Inc.

https://app.library.bible/content/38de522697cd8943