2 ਇਤਿਹਾਸ11

1ਜਦੋਂ ਰਹਬੁਆਮ ਯੇਰੂਸ਼ਲੇਮ ਵਿੱਚ ਆ ਪਹੁੰਚਿਆ ਤਾਂ ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਇੱਕ ਲੱਖ ਅੱਸੀ ਹਜ਼ਾਰ ਯੋਗ ਜਵਾਨਾਂ ਨੂੰ ਇਕੱਠਾ ਕੀਤਾ ਤਾਂ ਜੋ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਅਤੇ ਰਹਬੁਆਮ ਦੇ ਲਈ ਰਾਜ ਨੂੰ ਵਾਪਸ ਪ੍ਰਾਪਤ ਕਰਨ।
2ਪਰ ਯਾਹਵੇਹ ਦਾ ਇਹ ਬਚਨ ਪਰਮੇਸ਼ਵਰ ਦੇ ਮਨੁੱਖ ਸ਼ਮਅਯਾਹ ਕੋਲ ਆਇਆ:3“ਯਹੂਦਾਹ ਦੇ ਰਾਜਾ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ ਅਤੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਸਰਾਏਲ ਨੂੰ ਆਖ,4‘ਯਾਹਵੇਹ ਇਸ ਤਰ੍ਹਾਂ ਆਖਦਾ ਹੈ ਕਿ ਆਪਣੇ ਭਰਾਵਾਂ ਇਸਰਾਏਲੀਆਂ ਨਾਲ ਲੜਨ ਲਈ ਉੱਪਰ ਨਾ ਜਾਓ। ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਮੁੜ ਜਾਓ ਕਿਉਂ ਜੋ ਇਹ ਗੱਲ ਮੇਰੇ ਵੱਲੋਂ ਹੈ।’ ” ਇਸ ਲਈ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਮੰਨ ਲਿਆ ਅਤੇ ਯਾਰਾਬੁਆਮ ਉੱਤੇ ਚੜ੍ਹਾਈ ਕੀਤੇ ਬਿਨਾ ਹੀ ਮੁੜ ਗਏ।

ਰਹਬੁਆਮ ਦਾ ਯਹੂਦਾਹ ਨੂੰ ਮਜ਼ਬੂਤ ਕਰਨਾ

5ਰਹਬੁਆਮ ਯੇਰੂਸ਼ਲੇਮ ਵਿੱਚ ਰਹਿੰਦਾ ਸੀ ਅਤੇ ਯਹੂਦਾਹ ਵਿੱਚ ਬਚਾਓ ਲਈ ਸ਼ਹਿਰ ਬਣਾਏ:6ਬੈਤਲਹਮ, ਏਤਾਮ, ਤਕੋਆ,7ਬੈਥ-ਸੂਰ, ਸੋਕੋ, ਅਦੁੱਲਾਮ,8ਗਾਥ, ਮਾਰੇਸ਼ਾਹ, ਜ਼ੀਫ਼,9ਅਦਰੋਇਮ, ਲਾਕੀਸ਼, ਅਜ਼ੇਕਾਹ,10ਜ਼ੋਰਾਹ, ਅੱਯਾਲੋਨ ਅਤੇ ਹੇਬਰੋਨ। ਇਹ ਯਹੂਦਾਹ ਅਤੇ ਬਿਨਯਾਮੀਨ ਵਿੱਚ ਗੜ੍ਹ ਵਾਲੇ ਸ਼ਹਿਰ ਸਨ।11ਉਸ ਨੇ ਗੜ੍ਹਾਂ ਨੂੰ ਪੱਕਾ ਕੀਤਾ ਅਤੇ ਉਹਨਾਂ ਵਿੱਚ ਹਾਕਮਾਂ ਨੂੰ ਮੁਕੱਰਰ ਕੀਤਾ ਅਤੇ ਰਸਦ, ਤੇਲ ਅਤੇ ਦਾਖ਼ਰਸ ਦੇ ਭੰਡਾਰ ਰੱਖੇ।12ਉਸ ਨੇ ਸਾਰੇ ਸ਼ਹਿਰਾਂ ਵਿੱਚ ਢਾਲ਼ਾਂ ਅਤੇ ਬਰਛੇ ਰੱਖੇ ਅਤੇ ਉਹਨਾਂ ਨੂੰ ਬਹੁਤ ਮਜ਼ਬੂਤ ਬਣਾਇਆ। ਇਸ ਲਈ ਯਹੂਦਾਹ ਅਤੇ ਬਿਨਯਾਮੀਨ ਉਸ ਦੇ ਸਨ।
13ਇਸਰਾਏਲ ਦੇ ਸਾਰੇ ਜ਼ਿਲ੍ਹਿਆਂ ਦੇ ਜਾਜਕਾਂ ਅਤੇ ਲੇਵੀਆਂ ਨੇ ਉਸਦਾ ਸਾਥ ਦਿੱਤਾ।14ਲੇਵੀਆਂ ਨੇ ਵੀ ਆਪਣੀਆਂ ਚਰਾਂਦਾਂ ਅਤੇ ਜਾਇਦਾਦਾਂ ਨੂੰ ਛੱਡ ਦਿੱਤਾ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਆ ਗਏ ਕਿਉਂਕਿ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਹਨਾਂ ਨੂੰ ਯਾਹਵੇਹ ਦੇ ਜਾਜਕ ਵਜੋਂ ਰੱਦ ਕਰ ਦਿੱਤਾ ਸੀ।15ਜਦੋਂ ਉਸਨੇ ਉੱਚੀਆਂ ਥਾਵਾਂ ਅਤੇ ਬੱਕਰੀ ਲਈ ਆਪਣੇ ਜਾਜਕ ਨਿਯੁਕਤ ਕੀਤੇ ਸਨ ਅਤੇ ਵੱਛੇ ਦੀਆਂ ਮੂਰਤੀਆਂ ਜੋ ਉਸਨੇ ਬਣਾਈਆਂ ਸਨ।16ਅਤੇ ਉਹਨਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਖੋਜ ਵਿੱਚ ਆਪਣਾ ਦਿਲ ਲਾਇਆ ਸੀ ਯੇਰੂਸ਼ਲੇਮ ਵਿੱਚ ਆਏ ਕਿ ਯਾਹਵੇਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ਵਰ ਦੇ ਅੱਗੇ ਭੇਟ ਚੜ੍ਹਾਉਣ।17ਸੋ ਉਹਨਾਂ ਨੇ ਯਹੂਦਾਹ ਦੇ ਰਾਜ ਨੂੰ ਪੱਕਾ ਬਣਾ ਦਿੱਤਾ ਅਤੇ ਤਿੰਨਾਂ ਸਾਲਾਂ ਤੱਕ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ ਬਲਵਾਨ ਬਣਾ ਰੱਖਿਆ ਕਿਉਂ ਜੋ ਓਹ ਤਿੰਨ ਵਰ੍ਹੇ ਦਾਵੀਦ ਅਤੇ ਸ਼ਲੋਮੋਨ ਦੇ ਰਾਹ ਉੱਤੇ ਤੁਰਦੇ ਰਹੇ।

ਰਹਬੁਆਮ ਦਾ ਪਰਿਵਾਰ

18ਅਤੇ ਰਹਬੁਆਮ ਨੇ ਦਾਵੀਦ ਦੇ ਪੁੱਤਰ ਯਰੀਮੋਥ ਦੀ ਅਤੇ ਯੱਸੀ ਦੇ ਪੁੱਤਰ ਅਲੀਆਬ ਦੀ ਧੀ ਅਬੀਹਾਇਲ ਦੀ ਧੀ ਮਹਲਥ ਨੂੰ ਵਿਆਹ ਲਿਆ।19ਉਸ ਨੇ ਉਸ ਦੇ ਪੁੱਤਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਨਾਮ ਯਊਸ਼, ਸਮਰਯਾਹ ਅਤੇ ਜ਼ਹਾਮ ਸੀ।20ਫਿਰ ਉਸ ਨੇ ਅਬਸ਼ਾਲੋਮ ਦੀ ਧੀ ਮਕਾਹ ਨਾਲ ਵਿਆਹ ਕੀਤਾ, ਜਿਸ ਤੋਂ ਅਬੀਯਾਹ, ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਪੈਦਾ ਹੋਏ।21ਰਹਬੁਆਮ ਅਬਸ਼ਾਲੋਮ ਦੀ ਧੀ ਮਕਾਹ ਨੂੰ ਆਪਣੀਆਂ ਸਾਰੀਆਂ ਪਤਨੀਆਂ ਅਤੇ ਰਖੇਲਾਂ ਨਾਲੋਂ ਵੱਧ ਪਿਆਰ ਕਰਦਾ ਸੀ। ਕੁੱਲ ਮਿਲਾ ਕੇ, ਉਸ ਦੀਆਂ ਅਠਾਰਾਂ ਪਤਨੀਆਂ ਅਤੇ ਸੱਠ ਰਖੇਲਾਂ, ਅਠਾਈ ਪੁੱਤਰ ਅਤੇ ਸੱਠ ਧੀਆਂ ਸਨ।
22ਰਹਬੁਆਮ ਨੇ ਮਕਾਹ ਦੇ ਪੁੱਤਰ ਅਬੀਯਾਹ ਨੂੰ ਆਪਣੇ ਭਰਾਵਾਂ ਵਿੱਚੋਂ ਰਾਜਕੁਮਾਰ ਨਿਯੁਕਤ ਕੀਤਾ ਤਾਂ ਜੋ ਉਸ ਨੂੰ ਰਾਜਾ ਬਣਾਇਆ ਜਾ ਸਕੇ।23ਉਸ ਨੇ ਸਮਝਦਾਰੀ ਨਾਲ ਕੰਮ ਕੀਤਾ, ਆਪਣੇ ਕੁਝ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਤੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਖਿੰਡਾ ਦਿੱਤਾ। ਉਸ ਨੇ ਉਹਨਾਂ ਨੂੰ ਬਹੁਤ ਸਾਰੇ ਪ੍ਰਬੰਧ ਦਿੱਤੇ ਅਤੇ ਉਹਨਾਂ ਲਈ ਬਹੁਤ ਸਾਰੀਆਂ ਪਤਨੀਆਂ ਰੱਖੀਆਂ।

Biblica, Inc.

https://app.library.bible/content/38de522697cd8943