2 ਇਤਿਹਾਸ10

ਇਸਰਾਏਲ ਰਹਬੁਆਮ ਦੇ ਵਿਰੁੱਧ ਬਾਗ਼ੀ

1ਰਹਬੁਆਮ ਸ਼ੇਕੇਮ ਨੂੰ ਗਿਆ ਕਿਉਂ ਜੋ ਸਾਰਾ ਇਸਰਾਏਲ ਉਸ ਨੂੰ ਰਾਜਾ ਬਣਾਉਣ ਲਈ ਉੱਥੇ ਗਿਆ ਸੀ।2ਜਦੋਂ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਇਹ ਸੁਣਿਆ (ਉਹ ਮਿਸਰ ਵਿੱਚ ਹੀ ਸੀ, ਜਿੱਥੋਂ ਉਹ ਰਾਜਾ ਸ਼ਲੋਮੋਨ ਤੋਂ ਭੱਜ ਗਿਆ ਸੀ), ਉਹ ਮਿਸਰ ਤੋਂ ਮੁੜ ਆਇਆ।3ਇਸ ਲਈ ਉਹਨਾਂ ਨੇ ਯਾਰਾਬੁਆਮ ਨੂੰ ਬੁਲਾਇਆ ਅਤੇ ਉਹ ਅਤੇ ਸਾਰਾ ਇਸਰਾਏਲ ਰਹਬੁਆਮ ਕੋਲ ਗਏ ਅਤੇ ਉਸ ਨਾਲ ਗੱਲ ਕੀਤੀ,4“ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਸੀ, ਪਰ ਹੁਣ ਉਸ ਕਠੋਰ ਮਿਹਨਤ ਅਤੇ ਭਾਰੇ ਜੂਲੇ ਨੂੰ ਜੋ ਉਸ ਨੇ ਸਾਡੇ ਉੱਤੇ ਪਾਇਆ ਹੈ ਉਸਨੂੰ ਹਲਕਾ ਕਰ ਤਾਂ ਅਸੀਂ ਤੇਰੀ ਸੇਵਾ ਕਰਾਂਗੇ।”
5ਰਹਬੁਆਮ ਨੇ ਉੱਤਰ ਦਿੱਤਾ, “ਤਿੰਨ ਦਿਨਾਂ ਵਿੱਚ ਮੇਰੇ ਕੋਲ ਵਾਪਸ ਆ ਜਾ।” ਇਸ ਲਈ ਲੋਕ ਚਲੇ ਗਏ।
6ਤਦ ਰਾਜਾ ਰਹਬੁਆਮ ਨੇ ਉਹਨਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸ਼ਲੋਮੋਨ ਦੇ ਜੀਵਨ ਕਾਲ ਵਿੱਚ ਉਸ ਦੀ ਸੇਵਾ ਕਰਦੇ ਸਨ ਅਤੇ ਪੁੱਛਿਆ, ਤੁਹਾਡੀ ਕੀ ਸਲਾਹ ਹੈ? ਮੈਂ ਇੰਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?
7ਉਹਨਾਂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਇਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵੋਗੇ ਅਤੇ ਉਹਨਾਂ ਨੂੰ ਖੁਸ਼ ਕਰੋਗੇ ਅਤੇ ਉਹਨਾਂ ਨੂੰ ਚੰਗਾ ਉੱਤਰ ਦਿਓਗੇ, ਤਾਂ ਉਹ ਹਮੇਸ਼ਾ ਤੁਹਾਡੇ ਸੇਵਕ ਹੋਣਗੇ।”
8ਪਰ ਰਹਬੁਆਮ ਨੇ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ ਉਹਨਾਂ ਨੌਜਵਾਨਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਨਾਲ ਵੱਡੇ ਹੋਏ ਸਨ ਅਤੇ ਉਸ ਦੀ ਸੇਵਾ ਕਰ ਰਹੇ ਸਨ।9ਉਸ ਨੇ ਉਹਨਾਂ ਨੂੰ ਪੁੱਛਿਆ, “ਤੁਹਾਡੀ ਕੀ ਸਲਾਹ ਹੈ? ਅਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਈਏ ਜਿਹੜੇ ਮੈਨੂੰ ਕਹਿੰਦੇ ਹਨ, ‘ਉਸ ਜੂਲੇ ਨੂੰ ਹਲਕਾ ਕਰ ਜੋ ਤੇਰੇ ਪਿਤਾ ਨੇ ਸਾਡੇ ਉੱਤੇ ਪਾਇਆ ਹੈ’?”
10ਤਾਂ ਉਹ ਨੌਜਵਾਨ ਜਿਹੜੇ ਉਸ ਨਾਲ ਵੱਡੇ ਹੋਏ ਸਨ ਉਸਨੂੰ ਉੱਤਰ ਦਿੱਤਾ, “ਲੋਕਾਂ ਨੇ ਤੁਹਾਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡੇ ਉੱਤੇ ਭਾਰਾ ਜੂਲਾ ਪਾਇਆ ਹੈ, ਪਰ ਸਾਡੇ ਜੂਲੇ ਨੂੰ ਹਲਕਾ ਕਰ।’ ਹੁਣ ਉਹਨਾਂ ਨੂੰ ਦੱਸ, ‘ਮੇਰੀ ਚੀਚੀ ਵੀ ਮੇਰੇ ਪਿਤਾ ਦੀ ਕਮਰ ਨਾਲੋਂ ਮੋਟੀ ਹੈ।11ਮੇਰੇ ਪਿਤਾ ਨੇ ਤੁਹਾਡੇ ਉੱਤੇ ਇੱਕ ਭਾਰਾ ਜੂਲਾ ਰੱਖਿਆ ਸੀ, ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ, ਪਰ ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।’ ”
12ਤਿੰਨ ਦਿਨਾਂ ਬਾਅਦ ਯਾਰਾਬੁਆਮ ਅਤੇ ਸਾਰੇ ਲੋਕ ਰਹਬੁਆਮ ਕੋਲ ਵਾਪਸ ਆਏ, ਜਿਵੇਂ ਕਿ ਰਾਜਾ ਨੇ ਆਖਿਆ ਸੀ, “ਤੀਸਰੇ ਦਿਨ ਮੇਰੇ ਕੋਲ ਵਾਪਸ ਆਉਣਾ।”13ਰਾਜੇ ਨੇ ਉਹਨਾਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ ਅਤੇ ਉਸ ਨੇ ਬਜ਼ੁਰਗਾਂ ਦੀ ਸਲਾਹ ਨੂੰ ਠੁਕਰਾ ਦਿੱਤਾ।14ਅਤੇ ਨੌਜਵਾਨਾਂ ਦੀ ਸਲਾਹ ਮੰਨ ਲਈ ਅਤੇ ਕਿਹਾ, “ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰਾ ਕਰ ਦਿੱਤਾ ਸੀ ਅਤੇ ਮੈਂ ਇਸਨੂੰ ਹੋਰ ਵੀ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਰੜੇ ਨਾਲ ਮਾਰਿਆ, ਪਰ ਮੈਂ ਤੈਨੂੰ ਬਿੱਛੂਆਂ ਨਾਲ ਕੋਰੜੇ ਮਾਰਾਂਗਾ।”15ਇਸ ਲਈ ਰਾਜੇ ਨੇ ਲੋਕਾਂ ਦੀ ਗੱਲ ਨਾ ਸੁਣੀ, ਕਿਉਂਕਿ ਇਹ ਘਟਨਾ ਪਰਮੇਸ਼ਵਰ ਵੱਲੋਂ ਸੀ ਤਾਂ ਜੋ ਉਸ ਬਚਨ ਨੂੰ ਪੂਰਾ ਕਰੇ ਜੋ ਯਾਹਵੇਹ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਸ਼ੀਲੋਹਨੀ ਅਹੀਯਾਹ ਰਾਹੀਂ ਬੋਲਿਆ ਸੀ।
16ਜਦੋਂ ਸਾਰੇ ਇਸਰਾਏਲ ਨੇ ਵੇਖਿਆ ਕਿ ਰਾਜੇ ਨੇ ਉਹਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਤਾਂ ਉਹਨਾਂ ਨੇ ਰਾਜੇ ਨੂੰ ਉੱਤਰ ਦਿੱਤਾ,“ਦਾਵੀਦ ਦੇ ਨਾਲ ਸਾਡਾ ਕੀ ਹਿੱਸਾ ਹੈ,ਯੱਸੀ ਦੇ ਪੁੱਤਰ ਨਾਲ ਸਾਡੀ ਕੀ ਵੰਡ ਵਿਹਾਰ ਹੈ?ਹੇ ਇਸਰਾਏਲ, ਆਪਣੇ ਤੰਬੂਆਂ ਨੂੰ ਜਾਓ!ਹੇ ਦਾਵੀਦ, ਆਪਣੇ ਘਰ ਦੀ ਦੇਖਭਾਲ ਕਰ!”ਇਸ ਲਈ ਸਾਰੇ ਇਸਰਾਏਲੀ ਆਪਣੇ ਘਰਾਂ ਨੂੰ ਚਲੇ ਗਏ।17ਪਰ ਇਸਰਾਏਲੀ ਜਿਹੜੇ ਯਹੂਦਾਹ ਦੇ ਨਗਰਾਂ ਵਿੱਚ ਰਹਿੰਦੇ ਸਨ, ਰਹਬੁਆਮ ਅਜੇ ਵੀ ਉਹਨਾਂ ਉੱਤੇ ਰਾਜ ਕਰਦਾ ਸੀ।
18ਰਾਜਾ ਰਹਬੁਆਮ ਨੇ ਅਦੋਨੀਰਾਮ ਨੂੰ ਬਾਹਰ ਭੇਜਿਆ, ਜੋ ਜਬਰੀ ਮਜ਼ਦੂਰੀ ਕਰਨ ਵਾਲਿਆ ਦਾ ਮੁਖੀ ਸੀ, ਪਰ ਇਸਰਾਏਲੀਆਂ ਨੇ ਉਸ ਨੂੰ ਪੱਥਰਾਓ ਕਰਕੇ ਮਾਰ ਦਿੱਤਾ। ਤਾਂ ਰਾਜਾ ਰਹਬੁਆਮ ਜਲਦੀ ਨਾਲ ਆਪਣੇ ਰੱਥ ਉੱਤੇ ਚੜ੍ਹ ਕੇ ਯੇਰੂਸ਼ਲੇਮ ਨੂੰ ਭੱਜ ਗਿਆ।19ਇਸ ਲਈ ਇਸਰਾਏਲ ਅੱਜ ਤੱਕ ਦਾਵੀਦ ਦੇ ਘਰਾਣੇ ਦੇ ਵਿਰੁੱਧ ਬਗਾਵਤ ਕਰਦਾ ਹੈ।

Biblica, Inc.

https://app.library.bible/content/38de522697cd8943