ਨਹਮਯਾਹ8

1ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇਕੱਠੀ ਹੋਈ ਅਤੇ ਉਹਨਾਂ ਨੇ ਅਜ਼ਰਾ ਬਿਵਸਥਾ ਦੇ ਸਿਖਾਉਣ ਵਾਲੇ ਨੂੰ ਕਿਹਾ ਕਿ ਮੋਸ਼ੇਹ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸ ਦਾ ਯਾਹਵੇਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ।
2ਇਸ ਲਈ ਸੱਤਵੇਂ ਮਹੀਨੇ ਦੇ ਪਹਿਲੇ ਦਿਨ ਅਜ਼ਰਾ ਜਾਜਕ ਨੇ ਭਾਵੇਂ ਆਦਮੀ ਭਾਵੇਂ ਔਰਤਾਂ ਸਗੋਂ ਹੋਰ ਵੀ ਸਾਰੇ ਜੋ ਉਸ ਨੂੰ ਸਮਝ ਸਕਦੇ ਸਨ ਉਹਨਾਂ ਸਾਹਮਣੇ ਬਿਵਸਥਾ ਲਿਆਂਦੀ।3ਉਸ ਨੇ ਇਸ ਨੂੰ ਸਵੇਰ ਤੋਂ ਦੁਪਹਿਰ ਤੱਕ ਉੱਚੀ ਆਵਾਜ਼ ਵਿੱਚ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਪੜ੍ਹਿਆ ਅਤੇ ਆਦਮੀਆਂ, ਔਰਤਾਂ ਅਤੇ ਹੋਰ ਜੋ ਸਮਝ ਸਕਦੇ ਸਨ ਅਤੇ ਸਾਰੇ ਲੋਕਾਂ ਨੇ ਬਿਵਸਥਾ ਦੀ ਪੋਥੀ ਨੂੰ ਧਿਆਨ ਨਾਲ ਸੁਣਿਆ।
4ਤਦ ਅਜ਼ਰਾ ਬਿਵਸਥਾ ਦਾ ਸਿਖਾਉਣ ਵਾਲਾ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ੇਮਾ, ਅਨਾਯਾਹ, ਊਰਿੱਯਾਹ, ਹਿਲਕੀਯਾਹ ਅਤੇ ਮਾਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੂਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ।
5ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ।6ਅਜ਼ਰਾ ਨੇ ਮਹਾਨ ਪਰਮੇਸ਼ਵਰ ਯਾਹਵੇਹ ਦੀ ਉਸਤਤ ਕੀਤੀ ਅਤੇ ਸਾਰੇ ਲੋਕਾਂ ਨੇ ਆਪਣੇ ਹੱਥ ਚੁੱਕ ਕੇ ਜਵਾਬ ਦਿੱਤਾ, “ਆਮੀਨ! ਆਮੀਨ!” ਫਿਰ ਉਹਨਾਂ ਨੇ ਮੱਥਾ ਟੇਕਿਆ ਅਤੇ ਜ਼ਮੀਨ ਵੱਲ ਮੂੰਹ ਝੁਕਾ ਕੇ ਯਾਹਵੇਹ ਦੀ ਵਡਿਆਈ ਕੀਤੀ।
7ਲੇਵੀਆਂ, ਯੇਸ਼ੂਆ, ਬਾਨੀ, ਸ਼ੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਾਸੇਯਾਹ, ਕੇਲੀਤਾ, ਅਜ਼ਰਯਾਹ, ਯੋਜ਼ਾਬਾਦ, ਹਨਾਨ ਅਤੇ ਪਲਯਾਹ ਨੇ ਲੋਕਾਂ ਨੂੰ ਬਿਵਸਥਾ ਦੀ ਸਿੱਖਿਆ ਦਿੱਤੀ ਜਦੋਂ ਲੋਕ ਉੱਥੇ ਖੜ੍ਹੇ ਸਨ।8ਉਹ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਦੇ ਹਨ, ਇਸ ਨੂੰ ਸਪਸ਼ਟ ਕਰਦੇ ਹਨ ਅਤੇ ਇਸਦਾ ਅਰਥ ਸਮਝਾਉਂਦੇ ਹਨ ਤਾਂ ਜੋ ਲੋਕ ਸਮਝ ਸਕਣ ਜੋ ਕੀ ਪੜ੍ਹਿਆ ਜਾ ਰਿਹਾ ਹੈ।
9ਤਦ ਨਹਮਯਾਹ ਰਾਜਪਾਲ, ਅਜ਼ਰਾ ਜਾਜਕ ਅਤੇ ਨੇਮ ਦੇ ਉਪਦੇਸ਼ਕ ਅਤੇ ਲੇਵੀਆਂ ਨੇ ਜੋ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ, ਉਹਨਾਂ ਸਾਰਿਆਂ ਨੂੰ ਆਖਿਆ, “ਅੱਜ ਦਾ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਪਵਿੱਤਰ ਹੈ। ਸੋਗ ਨਾ ਕਰੋ ਅਤੇ ਨਾ ਰੋਵੋ।” ਕਿਉਂਕਿ ਸਾਰੇ ਲੋਕ ਬਿਵਸਥਾ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ।
10ਨਹਮਯਾਹ ਨੇ ਕਿਹਾ, “ਜਾਓ ਅਤੇ ਵਧੀਆ ਭੋਜਨ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਆਨੰਦ ਮਾਣੋ ਅਤੇ ਕੁਝ ਉਹਨਾਂ ਨੂੰ ਭੇਜੋ ਜਿਨ੍ਹਾਂ ਕੋਲ ਕੁਝ ਵੀ ਤਿਆਰ ਨਹੀਂ ਹੈ। ਇਹ ਦਿਨ ਸਾਡੇ ਯਾਹਵੇਹ ਲਈ ਪਵਿੱਤਰ ਹੈ। ਉਦਾਸ ਨਾ ਹੋਵੋ, ਕਿਉਂਕਿ ਯਾਹਵੇਹ ਦੀ ਖੁਸ਼ੀ ਤੁਹਾਡੀ ਤਾਕਤ ਹੈ।”
11ਲੇਵੀਆਂ ਨੇ ਸਾਰੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ, “ਚੁੱਪ ਰਹੋ, ਕਿਉਂਕਿ ਇਹ ਪਵਿੱਤਰ ਦਿਨ ਹੈ। ਉਦਾਸ ਨਾ ਹੋਵੋ।”
12ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ-ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਹਨਾਂ ਨੂੰ ਸਮਝਾਏ ਗਏ ਸਨ, ਉਹਨਾਂ ਨੇ ਉਹ ਸਮਝ ਲਏ ਸਨ।
13ਮਹੀਨੇ ਦੇ ਦੂਜੇ ਦਿਨ, ਸਾਰੇ ਪਰਿਵਾਰਾਂ ਦੇ ਮੁਖੀ, ਜਾਜਕਾਂ ਅਤੇ ਲੇਵੀਆਂ ਦੇ ਨਾਲ, ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ ਲਈ ਅਜ਼ਰਾ ਬਿਵਸਥਾ ਦੇ ਸਿਖਾਉਣ ਵਾਲੇ ਦੇ ਦੁਆਲੇ ਇਕੱਠੇ ਹੋਏ।14ਉਹਨਾਂ ਨੇ ਬਿਵਸਥਾ ਵਿੱਚ ਲਿਖਿਆ ਹੋਇਆ ਪਾਇਆ, ਜਿਸਦਾ ਯਾਹਵੇਹ ਨੇ ਮੋਸ਼ੇਹ ਰਾਹੀਂ ਹੁਕਮ ਦਿੱਤਾ ਸੀ ਕਿ ਇਸਰਾਏਲੀਆਂ ਨੂੰ ਸੱਤਵੇਂ ਮਹੀਨੇ ਦੇ ਤਿਉਹਾਰ ਦੌਰਾਨ ਅਸਥਾਈ ਡੇਰਿਆਂ ਵਿੱਚ ਰਹਿਣਾ ਚਾਹੀਦਾ ਹੈ15ਅਤੇ ਆਪਣੇ ਸਾਰੇ ਸ਼ਹਿਰਾਂ ਅਤੇ ਯੇਰੂਸ਼ਲੇਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਮੁਨਾਦੀ ਕਰਵਾਈ ਜਾਵੇ ਕਿ ਪਰਬਤ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ, ਤੇਲ ਬਿਰਛ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਹਿਣੀਆਂ, ਖਜ਼ੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਉਣ, ਜਿਵੇਂ ਕਿ ਲਿਖਿਆ ਹੈ। 
16ਇਸ ਲਈ ਲੋਕ ਬਾਹਰ ਗਏ ਅਤੇ ਟਹਿਣੀਆਂ ਵਾਪਸ ਲਿਆਏ ਅਤੇ ਆਪਣੀਆਂ ਛੱਤਾਂ ਉੱਤੇ, ਆਪਣੇ ਵਿਹੜਿਆਂ ਵਿੱਚ, ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਅਤੇ ਪਾਣੀ ਦੇ ਫਾਟਕ ਦੇ ਕੋਲ ਚੌਂਕ ਵਿੱਚ ਅਤੇ ਇਫ਼ਰਾਈਮ ਦੇ ਫਾਟਕ ਦੇ ਕੋਲ ਇੱਕ ਅਸਥਾਈ ਟਿਕਾਣਾ ਬਣਾਇਆ।17ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਹਨਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰਾਏਲੀਆਂ ਨੇ ਅਜਿਹਾ ਨਹੀਂ ਕੀਤਾ ਸੀ। ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ।
18ਦਿਨੋਂ-ਦਿਨ, ਪਹਿਲੇ ਦਿਨ ਤੋਂ ਲੈ ਕੇ ਅੰਤ ਤੱਕ, ਅਜ਼ਰਾ ਨੇ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਿਆ। ਉਹਨਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ, ਨੇਮ ਦੇ ਅਨੁਸਾਰ ਇੱਕ ਮਹਾਂ-ਸਭਾ ਹੋਈ।

Biblica, Inc.

https://app.library.bible/content/38de522697cd8943