ਹਿਜ਼ਕੀਏਲ5

ਨਿਆਂ ਦੇ ਪਰਮੇਸ਼ਵਰ ਦਾ ਉਸਤਰਾ

1“ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਤੇਜ਼ ਤਲਵਾਰ ਲੈ ਅਤੇ ਵਾਲ ਕੱਟਣ ਦੇ ਉਸਤਰੇ ਵਾਂਗੂੰ ਉਹ ਨੂੰ ਲੈ ਕੇ ਉਹ ਦੇ ਨਾਲ ਆਪਣਾ ਸਿਰ ਤੇ ਦਾੜ੍ਹੀ ਮੁਨਾ ਅਤੇ ਤੱਕੜੀ ਲੈ ਕੇ ਵਾਲਾਂ ਨੂੰ ਤੋਲ ਕੇ ਉਹਨਾਂ ਦੇ ਹਿੱਸੇ ਬਣਾ।2ਜਦੋਂ ਤੁਹਾਡੇ ਘੇਰਾਬੰਦੀ ਦੇ ਦਿਨ ਖ਼ਤਮ ਹੋ ਜਾਣ, ਤਾਂ ਉਹਨਾਂ ਦਾ ਤੀਜਾ ਹਿੱਸਾ ਲੈ ਕੇ ਸ਼ਹਿਰ ਦੇ ਵਿਚਕਾਰ ਅੱਗ ਵਿੱਚ ਸਾੜ। ਫਿਰ ਦੂਜੀ ਵਾਰ ਤੀਜਾ ਹਿੱਸਾ ਲੈ ਕੇ ਤਲਵਾਰ ਦੇ ਨਾਲ ਉਹਨਾਂ ਨੂੰ ਸ਼ਹਿਰ ਦੇ ਇਧਰ-ਉਧਰ ਮਾਰ ਅਤੇ ਰਹਿੰਦਾ ਤੀਜਾ ਹਿੱਸਾ ਹਵਾ ਵਿੱਚ ਖਿਲਾਰ ਦੇ ਅਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਖਿੱਚ ਲਵਾਂਗਾ।3ਪਰ ਕੁਝ ਵਾਲ ਲੈ ਕੇ ਉਹਨਾਂ ਨੂੰ ਆਪਣੇ ਕੱਪੜੇ ਦੇ ਪੱਲੇ ਵਿੱਚ ਬੰਨ੍ਹ।4ਫਿਰ ਇਹਨਾਂ ਵਿੱਚੋਂ ਥੋੜੇ ਜਿਹੇ ਲੈ ਕੇ ਅੱਗ ਵਿੱਚ ਸੁੱਟ ਕੇ ਸਾੜ ਦੇ ਅਤੇ ਫਿਰ ਉੱਥੋਂ ਅੱਗ ਸਾਰੇ ਇਸਰਾਏਲ ਵਿੱਚ ਫੈਲ ਜਾਵੇਗੀ।
5“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਇਹ ਯੇਰੂਸ਼ਲੇਮ ਹੈ, ਜਿਸ ਨੂੰ ਮੈਂ ਕੌਮਾਂ ਦੇ ਵਿਚਕਾਰ ਸਥਾਪਿਤ ਕੀਤਾ, ਉਸ ਦੇ ਆਲੇ-ਦੁਆਲੇ ਦੇ ਦੇਸ਼ ਹਨ।6ਫਿਰ ਵੀ ਆਪਣੀ ਦੁਸ਼ਟਤਾ ਵਿੱਚ ਉਸ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਅਤੇ ਦੇਸ਼ਾਂ ਨਾਲੋਂ ਮੇਰੇ ਹੁਕਮਾਂ ਅਤੇ ਫ਼ਰਮਾਨਾਂ ਦੇ ਵਿਰੁੱਧ ਬਗਾਵਤ ਕੀਤੀ ਹੈ। ਉਸ ਨੇ ਮੇਰੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ।
7“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕਰਨ ਵਾਲੇ ਹੋ ਅਤੇ ਮੇਰੀਆਂ ਬਿਧੀਆਂ ਉੱਤੇ ਨਹੀਂ ਚੱਲੇ ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਸਗੋਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਹੁਕਮਾਂ ਉੱਤੇ ਅਮਲ ਕੀਤਾ।
8“ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਵੇਖ, ਮੈਂ ਖੁਦ ਤੇਰੇ ਵਿਰੁੱਧ ਹਾਂ, ਯੇਰੂਸ਼ਲੇਮ ਅਤੇ ਮੈਂ ਕੌਮਾਂ ਦੇ ਸਾਹਮਣੇ ਤੈਨੂੰ ਸਜ਼ਾ ਦੇਵਾਂਗਾ।9ਮੈਂ ਤੇਰੀਆਂ ਸਾਰੀਆਂ ਘਿਣਾਉਣੀਆਂ ਮੂਰਤੀਆਂ ਦੇ ਕਾਰਨ, ਮੈਂ ਤੇਰੇ ਨਾਲ ਉਹੀ ਕਰਾਂਗਾ ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ ਅਤੇ ਨਾ ਕਦੇ ਫ਼ੇਰ ਕਰਾਂਗਾ।10ਇਸ ਲਈ ਤੁਹਾਡੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਖਾਣਗੇ, ਅਤੇ ਬੱਚੇ ਆਪਣੇ ਮਾਪਿਆਂ ਨੂੰ ਖਾ ਜਾਣਗੇ। ਮੈਂ ਤੈਨੂੰ ਸਜ਼ਾ ਦੇਵਾਂਗਾ ਅਤੇ ਤੇਰੇ ਸਾਰੇ ਬਚੇ ਹੋਏ ਲੋਕਾਂ ਨੂੰ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ।11ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਨੂੰ ਆਪਣੇ ਜੀਵਨ ਦੀ ਸਹੁੰ, ਕਿਉਂਕਿ ਤੁਸੀਂ ਮੇਰੇ ਪਵਿੱਤਰ ਅਸਥਾਨ ਨੂੰ ਆਪਣੀਆਂ ਸਾਰੀਆਂ ਘਟੀਆ ਮੂਰਤੀਆਂ ਅਤੇ ਘਿਣਾਉਣੇ ਕੰਮਾਂ ਨਾਲ ਪਲੀਤ ਕੀਤਾ ਹੈ, ਇਸ ਲਈ ਮੈਂ ਵੀ ਤੈਨੂੰ ਨੁਕਸਾਨ ਪਹੁੰਚਾਵਾਂਗਾ ਅਤੇ ਮੇਰੀ ਅੱਖ ਦਯਾ ਨਹੀਂ ਕਰੇਗੀ ਅਤੇ ਮੈਂ ਕਦੇ ਵੀ ਤਰਸ ਨਹੀਂ ਕਰਾਂਗਾ।12ਤੇਰੇ ਲੋਕਾਂ ਦਾ ਤੀਜਾ ਹਿੱਸਾ ਮਹਾਂਮਾਰੀ ਨਾਲ ਮਰ ਜਾਵੇਗਾ ਅਤੇ ਕਾਲ ਉਹਨਾਂ ਨੂੰ ਤੇਰੇ ਵਿਚਕਾਰ ਭੱਖ ਲਵੇਗਾ; ਤੀਜਾ ਹਿੱਸਾ ਤੇਰੇ ਦੁਆਲੇ ਦੀ ਤਲਵਾਰ ਨਾਲ ਡਿੱਗ ਪਵੇਗਾ, ਤੀਜਾ ਹਿੱਸਾ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਉਹਨਾਂ ਦੇ ਪਿੱਛੇ ਖਿੱਚ ਲਵਾਂਗਾ।
13“ਤਦ ਮੇਰਾ ਕ੍ਰੋਧ ਬੰਦ ਹੋ ਜਾਵੇਗਾ ਅਤੇ ਮੇਰਾ ਗੁੱਸਾ ਉਹਨਾਂ ਉੱਤੇ ਸ਼ਾਂਤ ਹੋ ਜਾਵੇਗਾ, ਅਤੇ ਮੈਂ ਬਦਲਾ ਲਵਾਂਗਾ ਅਤੇ ਜਦੋਂ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਖ਼ਤਮ ਹੋ ਜਾਵੇਗਾ, ਤਾਂ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਆਪਣੇ ਜੋਸ਼ ਨਾਲ ਬੋਲਿਆ ਹੈ।
14“ਮੈਂ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚ ਤੈਨੂੰ ਤਬਾਹੀ ਅਤੇ ਬਦਨਾਮੀ ਦਾ ਕਾਰਨ ਬਣਾ ਦਿਆਂਗਾ, ਸਾਰੇ ਲੰਘਣ ਵਾਲਿਆਂ ਦੀਆਂ ਨਜ਼ਰਾਂ ਵਿੱਚ।15ਇਸ ਲਈ ਜਦੋਂ ਮੈਂ ਕਹਿਰ, ਕ੍ਰੋਧ ਅਤੇ ਗੁੱਸੇ ਭਰੀ ਝਿੜਕ ਨਾਲ ਤੇਰਾ ਨਿਆਂ ਕਰਾਂਗਾ, ਤਾਂ ਤੂੰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਲਈ ਨਿੰਦਿਆ, ਠੱਠੇ, ਸਿੱਖਿਆ ਅਤੇ ਦਹਿਸ਼ਤ ਦਾ ਕਾਰਨ ਬਣੇਂਗਾ। ਮੈਂ, ਯਾਹਵੇਹ ਨੇ ਇਹ ਆਖਿਆ ਹੈ।16ਜਦੋਂ ਮੈਂ ਭਿਆਨਕ ਕਾਲ ਦੇ ਤੀਰ ਤੇਰੇ ਵਿਰੁੱਧ ਛੱਡਾਂਗਾ ਜੋ ਤੇਰੇ ਵਿਨਾਸ਼ ਦੇ ਲਈ ਹੋਣਗੇ। ਮੈਂ ਤੇਰੇ ਵਿੱਚ ਬਹੁਤ ਕਾਲ ਪਾਵਾਂਗਾ ਅਤੇ ਤੇਰੀ ਰੋਟੀ ਦੇ ਸਾਧਨ ਨੂੰ ਤੋੜ ਸੁੱਟਾਂਗਾ।17ਮੈਂ ਤੇਰੇ ਵਿਰੁੱਧ ਕਾਲ ਅਤੇ ਜੰਗਲੀ ਜਾਨਵਰ ਭੇਜਾਂਗਾ, ਅਤੇ ਉਹ ਤੈਨੂੰ ਬੇ-ਔਲਾਦ ਛੱਡ ਦੇਣਗੇ। ਬਿਪਤਾ ਅਤੇ ਖੂਨ-ਖਰਾਬਾ ਤੁਹਾਡੇ ਵਿੱਚ ਫੈਲ ਜਾਵੇਗਾ, ਅਤੇ ਮੈਂ ਤੁਹਾਡੇ ਵਿਰੁੱਧ ਤਲਵਾਰ ਲਿਆਵਾਂਗਾ। ਮੈਂ ਯਾਹਵੇਹ ਨੇ ਇਹ ਬੋਲਿਆ ਹੈ।”

Biblica, Inc.

https://app.library.bible/content/38de522697cd8943