ਹਿਜ਼ਕੀਏਲ4
ਯੇਰੂਸ਼ਲੇਮ ਦੀ ਘੇਰਾਬੰਦੀ ਪ੍ਰਤੀਕ ਹੈ
1“ਹੁਣ, ਹੇ ਮਨੁੱਖ ਦੇ ਪੁੱਤਰ, ਮਿੱਟੀ ਦੀ ਇੱਕ ਇੱਟ ਲੈ, ਇਸ ਨੂੰ ਆਪਣੇ ਸਾਹਮਣੇ ਰੱਖ ਅਤੇ ਇਸ ਉੱਤੇ ਯੇਰੂਸ਼ਲੇਮ ਦੇ ਸ਼ਹਿਰ ਦੀ ਤਸਵੀਰ ਬਣਾ।2ਉਸ ਦੇ ਦੁਆਲੇ ਘੇਰਾ ਪਾ ਕੇ, ਉਸ ਦੇ ਸਾਹਮਣੇ ਗੜ੍ਹ ਬਣਾ ਅਤੇ ਉਸ ਦੇ ਸਾਹਮਣੇ ਘੇਰਾ ਬੰਦੀ ਕਰ ਅਤੇ ਉਸ ਦੇ ਦੁਆਲੇ ਤੰਬੂ ਖੜ੍ਹੇ ਕਰ, ਅਤੇ ਚਾਰੋਂ ਪਾਸੇ ਕਿਲ੍ਹਾ ਤੋੜਨ ਵਾਲੇ ਹਥਿਆਰ ਰੱਖ।3ਫਿਰ ਇੱਕ ਲੋਹੇ ਦੀ ਕੜਾਹੀ ਲੈ, ਉਸ ਨੂੰ ਆਪਣੇ ਅਤੇ ਸ਼ਹਿਰ ਦੇ ਵਿਚਕਾਰ ਗੱਡ ਦੇ ਅਤੇ ਆਪਣਾ ਮੂੰਹ ਉਸ ਵੱਲ ਮੋੜ। ਇਹ ਘੇਰਾਬੰਦੀ ਵਿੱਚ ਹੋਵੇਗਾ, ਅਤੇ ਤੁਸੀਂ ਇਸ ਨੂੰ ਘੇਰਾ ਪਾਓਗੇ। ਇਹ ਇਸਰਾਏਲ ਦੇ ਲੋਕਾਂ ਲਈ ਇੱਕ ਨਿਸ਼ਾਨ ਹੋਵੇਗਾ।4“ਉਸ ਤੋਂ ਬਾਅਦ ਤੂੰ ਆਪਣੇ ਖੱਬੇ ਪਾਸੇ ਲੇਟ ਅਤੇ ਇਸਰਾਏਲ ਦੇ ਘਰਾਣੇ ਦਾ ਅਪਰਾਧ ਆਪਣੇ ਉੱਤੇ ਲੈ। ਜਿੰਨੇ ਦਿਨ ਤੱਕ ਤੂੰ ਲੇਟਿਆ ਰਹੇਂਗਾ, ਤੂੰ ਉਹਨਾਂ ਦਾ ਪਾਪ ਆਪਣੇ ਉੱਤੇ ਝੱਲੇਗਾ।5ਕਿਉਂ ਜੋ ਮੈਂ ਉਹਨਾਂ ਦੇ ਪਾਪਾਂ ਦੇ ਸਾਲਾਂ ਦੀ ਗਿਣਤੀ ਦੇ ਅਨੁਸਾਰ ਦਿਨ ਠਹਿਰਾਏ ਹਨ, ਇੱਕ ਸਾਲ ਦੇ ਲਈ ਇੱਕ ਦਿਨ, ਜੋ ਤਿੰਨ ਸੌ ਨੱਬੇ ਦਿਨ ਹਨ। ਇਸ ਤਰ੍ਹਾਂ ਤੂੰ ਇਸਰਾਏਲ ਦੇ ਘਰਾਣੇ ਦਾ ਪਾਪ ਝੱਲੇਂਗਾ।6“ਇਸ ਨੂੰ ਪੂਰਾ ਕਰਨ ਤੋਂ ਬਾਅਦ, ਆਪਣੇ ਸੱਜੇ ਪਾਸੇ ਵੱਲ ਲੇਟ ਜਾਵੀਂ ਅਤੇ ਚਾਲੀ ਦਿਨਾਂ ਤੱਕ ਯਹੂਦਾਹ ਦੇ ਘਰਾਣੇ ਦੇ ਪਾਪਾਂ ਨੂੰ ਝੱਲੀਂ। ਮੈਂ ਤੇਰੇ ਲਈ ਇੱਕ-ਇੱਕ ਸਾਲ ਬਦਲੇ ਇੱਕ-ਇੱਕ ਦਿਨ ਠਹਿਰਾਇਆ ਹੈ।7ਫਿਰ ਤੂੰ ਆਪਣਾ ਮੂੰਹ ਯੇਰੂਸ਼ਲੇਮ ਦੀ ਘੇਰਾਬੰਦੀ ਵੱਲ ਮੋੜ ਅਤੇ ਨੰਗੀ ਬਾਂਹ ਨਾਲ ਉਸ ਦੇ ਵਿਰੁੱਧ ਅਗੰਮਵਾਕ ਕਰ।8ਅਤੇ ਵੇਖ, ਮੈਂ ਤੇਰੇ ਉੱਤੇ ਬੰਧਨ ਪਾਵਾਂਗਾ ਤਾਂ ਜੋ ਤੂੰ ਪਾਸਾ ਨਾ ਪਰਤ ਸਕੇਂ, ਜਦੋਂ ਤੱਕ ਤੂੰ ਆਪਣੇ ਘੇਰਾਬੰਦੀ ਦੇ ਦਿਨਾਂ ਨੂੰ ਪੂਰਾ ਨਾ ਕਰ ਲਵੇਂ।9“ਤੂੰ ਆਪਣੇ ਲਈ ਕਣਕ, ਜੌਂ, ਫਲੀਆਂ, ਦਾਲ, ਚੀਣਾ ਅਤੇ ਬਾਜਰਾ ਲੈ ਅਤੇ ਉਹਨਾਂ ਨੂੰ ਇੱਕ ਭਾਂਡੇ ਵਿੱਚ ਰੱਖ ਅਤੇ ਉਹਨਾਂ ਦੀਆਂ ਐਨੀਆਂ ਰੋਟੀਆਂ ਪਕਾ ਜਿੰਨੇ ਦਿਨਾਂ ਤੱਕ ਤੂੰ ਪਾਸੇ ਲੇਟਿਆ ਰਹੇਂਗਾ, ਤੂੰ ਤਿੰਨ ਸੌ ਨੱਬੇ ਦਿਨਾਂ ਤੱਕ ਉਹਨਾਂ ਨੂੰ ਖਾਵੀਂ।10ਤੇਰਾ ਖਾਣਾ ਜੋ ਤੂੰ ਖਾਵੇਂਗਾ ਤੋਲ ਅਨੁਸਾਰ ਇੱਕ ਪਾਉ ਪੱਕਾ ਰੋਜ਼ ਦਾ ਹੋਵੇਗਾ। ਤੂੰ ਕਦੇ-ਕਦੇ ਖਾਈਂ।11ਤੂੰ ਪਾਣੀ ਵੀ ਮਿਣ ਕੇ ਇੱਕ ਸੇਰ ਪੀਵੇਂਗਾ। ਤੂੰ ਕਦੇ-ਕਦੇ ਪੀਣਾ।12ਤੂੰ ਜੌਂ ਦੀ ਰੋਟੀ ਖਾਵੀਂ ਅਤੇ ਉਹਨਾਂ ਨੂੰ ਤੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਨੁੱਖ ਦੇ ਮਲ ਦੀ ਅੱਗ ਉੱਤੇ ਪਕਾਵੀਂ।”13ਯਾਹਵੇਹ ਨੇ ਕਿਹਾ, “ਇਸ ਤਰ੍ਹਾਂ ਇਸਰਾਏਲ ਦੇ ਲੋਕ ਉਹਨਾਂ ਕੌਮਾਂ ਵਿੱਚ ਅਸ਼ੁੱਧ ਭੋਜਨ ਖਾਣਗੇ ਜਿੱਥੇ ਮੈਂ ਉਹਨਾਂ ਨੂੰ ਧੱਕਾਂਗਾ।”14ਫਿਰ ਮੈਂ ਕਿਹਾ, “ਅਜਿਹਾ ਨਹੀਂ, ਹੇ ਯਾਹਵੇਹ! ਮੈਂ ਕਦੇ ਆਪਣੇ ਆਪ ਨੂੰ ਪਲੀਤ ਨਹੀਂ ਕੀਤਾ। ਆਪਣੀ ਜਵਾਨੀ ਤੋਂ ਲੈ ਕੇ ਹੁਣ ਤੱਕ ਮੈਂ ਕਦੇ ਵੀ ਜੰਗਲੀ ਜਾਨਵਰਾਂ ਦੁਆਰਾ ਮਰਿਆ ਹੋਇਆ ਜਾਂ ਪਾੜਿਆ ਹੋਇਆ ਕੁਝ ਨਹੀਂ ਖਾਧਾ। ਮੇਰੇ ਮੂੰਹ ਵਿੱਚ ਕਦੇ ਵੀ ਕੋਈ ਅਸ਼ੁੱਧ ਮਾਸ ਨਹੀਂ ਗਿਆ।”15ਤਦ ਉਸ ਨੇ ਮੈਨੂੰ ਕਿਹਾ, ਵੇਖ, “ਮੈਂ ਤੈਨੂੰ ਮਨੁੱਖ ਦੇ ਮਲ ਦੇ ਥਾਂ ਗਾਂ ਦਾ ਗੋਹਾ ਦਿੰਦਾ ਹੈ, ਸੋ ਤੂੰ ਆਪਣੀ ਰੋਟੀ ਉਹ ਦੀ ਅੱਗ ਉੱਤੇ ਪਕਾਵੀਂ।”16ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਯੇਰੂਸ਼ਲੇਮ ਵਿੱਚ ਭੋਜਨ ਦਾ ਸਾਧਨ ਬੰਦ ਕਰਨ ਵਾਲਾ ਹਾਂ। ਲੋਕ ਚਿੰਤਾ ਵਿੱਚ ਰਾਸ਼ਨ ਵਾਲਾ ਭੋਜਨ ਖਾਣਗੇ ਅਤੇ ਨਿਰਾਸ਼ਾ ਵਿੱਚ ਰਾਸ਼ਨ ਵਾਲਾ ਪਾਣੀ ਪੀਣਗੇ,17ਭੋਜਨ ਅਤੇ ਪਾਣੀ ਦੀ ਘਾਟ ਹੋ ਜਾਵੇਗੀ। ਉਹ ਇੱਕ-ਦੂਜੇ ਨੂੰ ਵੇਖ ਕੇ ਘਬਰਾ ਜਾਣਗੇ ਅਤੇ ਆਪਣੇ ਪਾਪ ਦੇ ਕਾਰਨ ਬਰਬਾਦ ਹੋ ਜਾਣਗੇ।Biblica, Inc.