ਹਿਜ਼ਕੀਏਲ1

ਹਿਜ਼ਕੀਏਲ ਦਾ ਉਦਘਾਟਨੀ ਦਰਸ਼ਨ

1ਮੇਰੇ ਤੀਹਵੇਂ ਸਾਲ ਵਿੱਚ, ਚੌਥੇ ਮਹੀਨੇ ਦੇ ਪੰਜਵੇਂ ਦਿਨ, ਜਦੋਂ ਮੈਂ ਕੇਬਰ ਨਦੀ ਦੇ ਕੰਢੇ ਗੁਲਾਮਾਂ ਦੇ ਵਿਚਕਾਰ ਸੀ, ਅਕਾਸ਼ ਖੁੱਲ੍ਹ ਗਿਆ ਅਤੇ ਮੈਂ ਪਰਮੇਸ਼ਵਰ ਦੇ ਦਰਸ਼ਨ ਵੇਖੇ।
2ਮਹੀਨੇ ਦੀ ਪੰਜਵੀਂ ਤਾਰੀਖ਼ ਨੂੰ ਰਾਜੇ ਯਹੋਯਾਕੀਨ ਦੀ ਗੁਲਾਮੀ ਦੇ ਪੰਜਵੇਂ ਸਾਲ ਵਿੱਚ3ਯਾਹਵੇਹ ਦਾ ਬਚਨ ਬੂਜ਼ੀ ਦੇ ਪੁੱਤਰ ਜਾਜਕ ਹਿਜ਼ਕੀਏਲ ਨੂੰ ਦੇਸ਼ ਵਿੱਚ ਕੇਬਰ ਨਦੀ ਦੇ ਕੰਢੇ ਕਸਦੀਆਂ ਦੀ ਧਰਤੀ ਉੱਤੇ ਆਇਆ ਅਤੇ ਉੱਥੇ ਯਾਹਵੇਹ ਦਾ ਹੱਥ ਉਸ ਉੱਤੇ ਸੀ।
4ਜਦ ਮੈਂ ਦੇਖਿਆ, ਉੱਤਰ ਵੱਲੋਂ ਵੱਡੀ ਹਨੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਕਾਰੋਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ,5ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ,6ਪਰ ਉਹਨਾਂ ਵਿੱਚੋਂ ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ।7ਉਹਨਾਂ ਦੀਆਂ ਲੱਤਾਂ ਸਿੱਧੀਆਂ ਸਨ; ਉਹਨਾਂ ਦੇ ਪੈਰ ਵੱਛੇ ਵਰਗੇ ਸਨ ਅਤੇ ਸੜੇ ਹੋਏ ਪਿੱਤਲ ਵਾਂਗ ਚਮਕਦੇ ਸਨ।8ਉਹਨਾਂ ਦੇ ਚਾਰੇ ਪਾਸੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਇਸ ਤਰ੍ਹਾਂ ਸਨ,9ਕਿ ਉਹਨਾਂ ਦੇ ਖੰਭ ਇੱਕ-ਦੂਜੇ ਨਾਲ ਜੁੜੇ ਹੋਏ ਸਨ। ਉਹ ਤੁਰਦੇ ਹੋਏ ਮੁੜਦੇ ਨਹੀਂ ਸਨ, ਉਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ।
10ਉਹਨਾਂ ਦੇ ਚਿਹਰੇ ਮਨੁੱਖ ਦੇ ਚਿਹਰੇ ਵਰਗੇ ਸਨ, ਉਹਨਾਂ ਚਾਰਾਂ ਦੇ ਸੱਜੇ ਪਾਸੇ ਬੱਬਰ ਸ਼ੇਰ ਦੇ ਚਿਹਰੇ ਸਨ, ਉਹਨਾਂ ਚਾਰਾਂ ਦੇ ਖੱਬੇ ਪਾਸੇ ਬਲਦ ਦੇ ਚਿਹਰੇ ਸਨ ਅਤੇ ਉਹਨਾਂ ਪਿੱਛਲੇ ਪਾਸੇ ਉਕਾਬ ਦੇ ਚਿਹਰੇ ਸਨ।11ਉਹਨਾਂ ਦੇ ਚਿਹਰੇ ਅਤੇ ਉਹਨਾਂ ਦੇ ਖੰਭ ਉੱਪਰੋਂ ਅੱਡ-ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਬਾਕੀ ਦੋ-ਦੋ ਖੰਭਾਂ ਨਾਲ ਉਹਨਾਂ ਦਾ ਸਰੀਰ ਢੱਕਿਆ ਹੋਇਆ ਸੀ।12ਉਹਨਾਂ ਵਿੱਚੋਂ ਹਰ ਕੋਈ ਸਿੱਧਾ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ, ਜਿੱਧਰ ਜਾਣ ਨੂੰ ਆਤਮਾ ਅਗਵਾਈ ਕਰਦਾ ਸੀ, ਉਹ ਜਾਂਦੇ ਸਨ ਅਤੇ ਉਹ ਤੁਰਦੇ ਹੋਏ ਮੁੜਦੇ ਨਹੀਂ ਸਨ।13ਉਹਨਾਂ ਜੀਵਾਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸ਼ਾਲਾਂ ਵਰਗਾ ਸੀ। ਇੱਕ ਚਮਕਦੀ ਹੋਈ ਅੱਗ ਜੀਵਾਂ ਦੇ ਵਿਚਾਲੇ ਇੱਧਰ-ਉੱਧਰ ਆਉਂਦੀ ਜਾਂਦੀ ਸੀ ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ।14ਜੀਵਾਂ ਦਾ ਦੌੜਨਾ ਅਤੇ ਮੁੜਨਾ ਬਿਜਲੀ ਵਾਂਗੂੰ ਦਿਖਾਈ ਦਿੰਦਾ ਸੀ।
15ਮੈਂ ਉਹਨਾਂ ਜੀਵਾਂ ਨੂੰ ਵੇਖਿਆ ਤਾਂ ਵੇਖੋ, ਕਿ ਉਹਨਾਂ ਚਾਰਾਂ ਜੀਵਾਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ-ਇੱਕ ਪਹੀਆ ਸੀ।16ਉਹਨਾਂ ਪਹੀਆਂ ਦਾ ਰੂਪ ਅਤੇ ਬਣਤਰ ਇਹ ਸੀ: ਉਹ ਪੁਖਰਾਜ ਵਾਂਗ ਚਮਕਦੇ ਸਨ, ਅਤੇ ਉਹ ਚਾਰੇ ਇੱਕੋ ਜਿਹੇ ਸਨ; ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਵਿੱਚ ਹੋਵੇ।17ਜਦੋਂ ਪਹੀਏ ਚੱਲਦੇ ਸਨ, ਉਹ ਕਿਸੇ ਵੀ ਦਿਸ਼ਾ ਦੇ ਵਿੱਚ ਚੱਲਦੇ ਹੋਏ, ਕਿਸੇ ਹੋਰ ਦਿਸ਼ਾ ਦੇ ਵਿੱਚ ਮੁੜਦੇ ਨਹੀਂ ਸਨ।18ਉਹਨਾਂ ਦੇ ਕਿਨਾਰੇ ਉੱਚੇ ਅਤੇ ਸ਼ਾਨਦਾਰ ਸਨ, ਅਤੇ ਚਾਰੇ ਪਾਸੇ ਅੱਖਾਂ ਹੀ ਅੱਖਾਂ ਸਨ।
19ਜਦੋਂ ਉਹ ਜੀਵ ਤੁਰਦੇ ਸਨ, ਤਾਂ ਉਹਨਾਂ ਦੇ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਉਹ ਜੀਵ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਪਹੀਏ ਵੀ ਚੁੱਕੇ ਜਾਂਦੇ ਸਨ।20ਜਿੱਥੇ ਕਿਤੇ ਆਤਮਾ ਜਾਣਾ ਚਾਹੁੰਦਾ ਸੀ, ਉਹ ਜਾਂਦੇ ਸਨ। ਪਹੀਏ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਵਿੱਚ ਸੀ।21ਜਦੋਂ ਜੀਵ ਤੁਰਦੇ ਸਨ, ਤਾਂ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਜੀਵ ਰੁੱਕਦੇ ਸਨ, ਤਾਂ ਪਹੀਏ ਵੀ ਰੁੱਕ ਜਾਂਦੇ ਸਨ ਅਤੇ ਜਦੋਂ ਉਹ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਉਹ ਪਹੀਏ ਵੀ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਦੇ ਵਿੱਚ ਸੀ।
22ਜੀਵਾਂ ਦੇ ਸਿਰ ਉੱਤੇ ਅੰਬਰ ਸੀ, ਉਹ ਬਲੌਰ ਦੇ ਰੰਗ ਵਰਗਾ ਸੀ ਅਤੇ ਉਹਨਾਂ ਦੇ ਸਿਰਾਂ ਦੇ ਉੱਪਰ ਤਾਣਿਆ ਹੋਇਆ ਸੀ।23ਉਸ ਅੰਬਰ ਦੇ ਹੇਠਾਂ ਉਹਨਾਂ ਦੇ ਖੰਭ ਇੱਕ-ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਖੰਭਾ ਨਾਲ ਉਹਨਾਂ ਦਾ ਇੱਕ ਪਾਸਾ ਢੱਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਹਨਾਂ ਦੇ ਸਰੀਰ ਦਾ ਦੂਜਾ ਪਾਸਾ ਢੱਕਿਆ ਹੋਇਆ ਸੀ।24ਜਦੋਂ ਜੀਵ ਹਿੱਲ ਗਏ, ਮੈਂ ਉਹਨਾਂ ਦੇ ਖੰਭਾਂ ਦੀ ਆਵਾਜ਼ ਸੁਣੀ, ਜਿਵੇਂ ਕਿ ਤੇਜ਼ ਪਾਣੀ ਦੀ ਗਰਜ, ਸਰਵਸ਼ਕਤੀਮਾਨ ਦੀ ਆਵਾਜ਼ ਵਰਗੀ, ਸੈਨਾ ਦੀ ਹਲ-ਚਲ ਵਰਗੀ। ਜਦੋਂ ਉਹ ਸ਼ਾਂਤ ਹੋਏ, ਉਹਨਾਂ ਨੇ ਆਪਣੇ ਖੰਭ ਹੇਠਾਂ ਕਰ ਲਏ।
25ਉਸ ਅੰਬਰ ਵਿੱਚੋਂ ਜਿਹੜਾ ਉਹਨਾਂ ਦੇ ਸਿਰਾਂ ਉੱਤੇ ਸੀ, ਇੱਕ ਆਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖੜ੍ਹੇ ਹੁੰਦੇ ਸਨ, ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ।26ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ।27ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਸ ਦੇ ਦੁਆਲੇ ਚਾਰੇ ਪਾਸੇ ਚਮਕ ਸੀ।28ਜਿਵੇਂ ਬਰਸਾਤ ਵਾਲੇ ਦਿਨ ਬੱਦਲਾਂ ਵਿੱਚ ਸਤਰੰਗੀ ਪੀਂਘ ਦੀ ਵਿਖਾਈ ਦਿੰਦੀ ਹੈ, ਉਸੇ ਤਰ੍ਹਾਂ ਉਸਦੇ ਆਲੇ-ਦੁਆਲੇ ਚਮਕ ਸੀ।
ਇਹ ਯਾਹਵੇਹ ਦੀ ਮਹਿਮਾ ਦਾ ਰੂਪ ਸੀ। ਜਦੋਂ ਮੈਂ ਇਸ ਨੂੰ ਦੇਖਿਆ ਤਾਂ ਮੈਂ ਹੇਠਾਂ ਡਿੱਗ ਪਿਆ ਅਤੇ ਮੈਂ ਇੱਕ ਬੋਲਣ ਦੀ ਆਵਾਜ਼ ਸੁਣੀ।

Biblica, Inc.

https://app.library.bible/content/38de522697cd8943