2 ਇਤਿਹਾਸ8

ਸ਼ਲੋਮੋਨ ਦੇ ਹੋਰ ਕੰਮ

1ਵੀਹ ਸਾਲਾਂ ਦੇ ਅੰਤ ਵਿੱਚ, ਜਿਸ ਦੌਰਾਨ ਸ਼ਲੋਮੋਨ ਨੇ ਯਾਹਵੇਹ ਦਾ ਭਵਨ ਅਤੇ ਆਪਣਾ ਮਹਿਲ ਬਣਾਇਆ,2ਸ਼ਲੋਮੋਨ ਨੇ ਉਹਨਾਂ ਪਿੰਡਾਂ ਨੂੰ ਦੁਬਾਰਾ ਬਣਾਇਆ ਜੋ ਹੀਰਾਮ ਨੇ ਉਸ ਨੂੰ ਦਿੱਤੇ ਸਨ, ਅਤੇ ਉਹਨਾਂ ਵਿੱਚ ਇਸਰਾਏਲੀਆਂ ਨੂੰ ਵਸਾਇਆ।3ਸ਼ਲੋਮੋਨ ਨੇ ਫਿਰ ਹਮਾਥ ਸੋਬਾਹ ਨੂੰ ਜਾ ਕੇ ਉਸ ਉੱਤੇ ਕਬਜ਼ਾ ਕਰ ਲਿਆ।4ਉਸ ਨੇ ਉਜਾੜ ਵਿੱਚ ਤਦਮੋਰ ਨੂੰ ਵੀ ਬਣਾਇਆ ਅਤੇ ਸਾਰੇ ਭੰਡਾਰ ਦੇ ਸ਼ਹਿਰਾਂ ਨੂੰ ਜਿਹੜੇ ਉਸ ਨੇ ਹਮਾਥ ਵਿੱਚ ਬਣਾਏ ਸਨ।5ਉਸ ਨੇ ਉੱਪਰਲੇ ਬੈਥ-ਹੋਰੋਨ ਅਤੇ ਹੇਠਲੇ ਬੈਥ-ਹੋਰੋਨ ਨੂੰ ਕਿਲ੍ਹੇ ਵਾਲੇ ਸ਼ਹਿਰਾਂ ਵਜੋਂ, ਕੰਧਾਂ ਅਤੇ ਦਰਵਾਜ਼ਿਆਂ ਅਤੇ ਬਾਰਾਂ ਨਾਲ ਬਣਾਇਆ,6ਨਾਲੇ ਬਆਲਾਥ ਅਤੇ ਉਸ ਦੇ ਭੰਡਾਰ ਦੇ ਸਾਰੇ ਸ਼ਹਿਰ ਅਤੇ ਸਾਰੇ ਸ਼ਹਿਰ ਉਸ ਦੇ ਰਥਾਂ ਅਤੇ ਘੋੜਿਆਂ ਲਈ ਜੋ ਕੁਝ ਉਹ ਚਾਹੁੰਦਾ ਸੀ ਬਣਾਇਆ। ਯੇਰੂਸ਼ਲੇਮ ਵਿੱਚ, ਲਬਾਨੋਨ ਵਿੱਚ ਅਤੇ ਸਾਰੇ ਇਲਾਕੇ ਵਿੱਚ ਉਸਨੇ ਰਾਜ ਕੀਤਾ।
7ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ (ਇਹ ਲੋਕ ਇਸਰਾਏਲੀ ਨਹੀਂ ਸਨ) ਵਿੱਚੋਂ ਅਜੇ ਵੀ ਲੋਕ ਬਚੇ ਸਨ।8ਸ਼ਲੋਮੋਨ ਨੇ ਉਨ੍ਹਾਂ ਸਾਰੇ ਲੋਕਾਂ ਦੇ ਉੱਤਰਾਧਿਕਾਰੀਆਂ ਨੂੰ ਜੋ ਉਸ ਦੇਸ਼ ਵਿੱਚ ਬਾਕੀ ਰਹਿ ਗਏ ਸਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਤਬਾਹ ਨਹੀਂ ਕੀਤਾ ਸੀ, ਗੁਲਾਮ ਬਣਾ ਕੇ ਕੰਮ ਕਰਨ ਲਈ ਮਜਬੂਰ ਕੀਤਾ, ਜਿਵੇਂ ਕਿ ਅੱਜ ਤੱਕ ਹੈ।9ਪਰ ਸ਼ਲੋਮੋਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਗੁਲਾਮ ਨਹੀਂ ਬਣਾਇਆ; ਸਗੋਂ ਉਹ ਯੋਧੇ ਅਤੇ ਉਸ ਦੇ ਛੋਟੇ ਟਹਿਲੂਏ ਤੇ ਉਸ ਦੇ ਸਰਦਾਰ ਅਤੇ ਉਸ ਦੇ ਰਥਾਂ ਦੇ ਸਵਾਰਾਂ ਦੇ ਸਰਦਾਰ ਸਨ।10ਉਹ ਰਾਜਾ ਸ਼ਲੋਮੋਨ ਦੇ ਮੁੱਖ ਅਧਿਕਾਰੀ ਵੀ ਸਨ, ਜੋ ਲੋਕ ਉਹਨਾਂ ਉੱਤੇ ਅਧਿਕਾਰੀ ਸਨ, ਉਹ ਦੋ ਸੌ ਪੰਜਾਹ ਸਨ।
11ਸ਼ਲੋਮੋਨ, ਫ਼ਿਰਾਊਨ ਦੀ ਧੀ ਨੂੰ ਦਾਵੀਦ ਦੇ ਸ਼ਹਿਰ ਤੋਂ ਉਸ ਮਹਿਲ ਵਿੱਚ ਜੋ ਉਸ ਦੇ ਲਈ ਬਣਾਇਆ ਸੀ ਲੈ ਆਇਆ ਕਿਉਂ ਜੋ ਉਸ ਨੇ ਆਖਿਆ ਕਿ ਮੇਰੀ ਰਾਣੀ ਇਸਰਾਏਲ ਦੇ ਪਾਤਸ਼ਾਹ ਦਾਵੀਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਜੋ ਉਹ ਅਸਥਾਨ ਪਵਿੱਤਰ ਹਨ ਜਿਨ੍ਹਾਂ ਵਿੱਚ ਯਾਹਵੇਹ ਦਾ ਸੰਦੂਕ ਆ ਗਿਆ ਹੈ।
12ਤਦ ਸ਼ਲੋਮੋਨ ਯਾਹਵੇਹ ਦੇ ਲਈ ਯਾਹਵੇਹ ਦੀ ਉਸ ਜਗਵੇਦੀ ਉੱਤੇ ਜਿਸ ਨੂੰ ਉਸ ਨੇ ਡਿਉੜੀ ਦੇ ਸਾਹਮਣੇ ਬਣਾਇਆ ਸੀ ਹੋਮ ਦੀਆਂ ਬਲੀਆਂ ਚੜ੍ਹਾਉਣ ਲੱਗਾ,13ਉਹ ਹਰ ਰੋਜ਼ ਲੋੜ ਅਨੁਸਾਰ ਜਿਵੇਂ ਮੋਸ਼ੇਹ ਨੇ ਹੁਕਮ ਦਿੱਤਾ ਸੀ ਸਬਤਾਂ ਨੂੰ ਅਤੇ ਅਮੱਸਿਆਂ ਨੂੰ ਅਤੇ ਵਰ੍ਹੇ ਵਿੱਚ ਤਿੰਨ ਵਾਰ ਮੁੱਕਰਰਾਂ ਤਿਉਹਾਰਾਂ ਉੱਤੇ ਅਰਥਾਤ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਬਲੀਆਂ ਚੜ੍ਹਾਉਂਦਾ ਸੀ।14ਅਤੇ ਉਸ ਨੇ ਆਪਣੇ ਪਿਤਾ ਦਾਵੀਦ ਦੇ ਹੁਕਮ ਨਾਲ ਜਾਜਕਾਂ ਦੀਆਂ ਵਾਰੀਆਂ ਨੂੰ ਉਹਨਾਂ ਦੀ ਉਪਾਸਨਾ ਅਨੁਸਾਰ ਅਤੇ ਲੇਵੀਆਂ ਨੂੰ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਠਹਿਰਾਇਆ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਨਿਤ ਨੇਮ ਉਸਤਤ ਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਹਨਾਂ ਦੀਆਂ ਵਾਰੀਆਂ ਅਨੁਸਾਰ ਹਰ ਇੱਕ ਫਾਟਕ ਉੱਤੇ ਲਾਇਆ ਕਿਉਂ ਜੋ ਪਰਮੇਸ਼ਵਰ ਦੇ ਬੰਦੇ ਦਾਵੀਦ ਨੇ ਐਉਂ ਹੀ ਹੁਕਮ ਦਿੱਤਾ ਸੀ।15ਉਹਨਾਂ ਨੇ ਜਾਜਕਾਂ ਜਾਂ ਲੇਵੀਆਂ ਨੂੰ, ਖਜ਼ਾਨਿਆਂ ਸਮੇਤ ਕਿਸੇ ਵੀ ਮਾਮਲੇ ਵਿੱਚ ਰਾਜੇ ਦੇ ਹੁਕਮਾਂ ਤੋਂ ਭਟਕਣਾ ਨਹੀਂ ਛੱਡਿਆ।
16ਸ਼ਲੋਮੋਨ ਦਾ ਸਾਰਾ ਕੰਮ ਯਾਹਵੇਹ ਦੇ ਭਵਨ ਦੀ ਨੀਂਹ ਰੱਖਣ ਦੇ ਦਿਨ ਤੋਂ ਉਸ ਦੇ ਤਿਆਰ ਹੋਣ ਤੱਕ ਪੂਰਾ ਹੋਇਆ ਅਤੇ ਇਸ ਤਰ੍ਹਾਂ ਯਾਹਵੇਹ ਦਾ ਭਵਨ ਸੰਪੂਰਨ ਹੋ ਗਿਆ।
17ਤਦ ਸ਼ਲੋਮੋਨ ਅਦੋਮ ਦੇ ਤੱਟ ਉੱਤੇ ਏਸਯੋਨ ਗੇਬਰ ਅਤੇ ਏਲੋਥ ਨੂੰ ਗਿਆ।18ਅਤੇ ਹੀਰਾਮ ਨੇ ਆਪਣੇ ਨੌਕਰਾਂ ਦੇ ਹੱਥ ਜਹਾਜ਼ ਅਤੇ ਉਨ੍ਹਾਂ ਮਲਾਹਾਂ ਨੂੰ ਜੋ ਸਮੁੰਦਰ ਤੋਂ ਵਾਕਫ ਸਨ ਉਸ ਦੇ ਕੋਲ ਭੇਜੇ ਅਤੇ ਉਹ ਸ਼ਲੋਮੋਨ ਦੇ ਮਨੁੱਖਾਂ ਦੇ ਨਾਲ ਓਫੀਰ ਵਿੱਚ ਆਏ ਅਤੇ ਉੱਥੇ ਛੇ ਸੌ ਪੰਝੱਤਰ ਮਣ ਸੋਨਾ ਲੈ ਕੇ ਸ਼ਲੋਮੋਨ ਪਾਤਸ਼ਾਹ ਕੋਲ ਲਿਆਏ।

Biblica, Inc.

https://app.library.bible/content/38de522697cd8943