2 ਇਤਿਹਾਸ7

ਮੰਦਰ ਦਾ ਸਮਰਪਣ

1ਜਦੋਂ ਸ਼ਲੋਮੋਨ ਨੇ ਪ੍ਰਾਰਥਨਾ ਕਰਨੀ ਸਮਾਪਤ ਕੀਤੀ, ਤਾਂ ਸਵਰਗ ਤੋਂ ਅੱਗ ਉੱਤਰੀ ਅਤੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਨੂੰ ਭਸਮ ਕਰ ਦਿੱਤਾ, ਅਤੇ ਯਾਹਵੇਹ ਦੀ ਮਹਿਮਾ ਨੇ ਭਵਨ ਨੂੰ ਭਰ ਦਿੱਤਾ।2ਜਾਜਕ ਯਾਹਵੇਹ ਦੇ ਭਵਨ ਵਿੱਚ ਦਾਖਲ ਨਾ ਹੋ ਸਕੇ ਕਿਉਂਕਿ ਯਾਹਵੇਹ ਦੇ ਪ੍ਰਤਾਪ ਨੇ ਉਸਨੂੰ ਭਰ ਦਿੱਤਾ ਸੀ।3ਅਤੇ ਜਦੋਂ ਅੱਗ ਉੱਤਰੀ ਅਤੇ ਯਾਹਵੇਹ ਦਾ ਪਰਤਾਪ ਉਸ ਭਵਨ ਉੱਤੇ ਸੀ ਤਾਂ ਸਾਰੇ ਇਸਰਾਏਲੀ ਵੇਖ ਰਹੇ ਸਨ ਸੋ ਉਹਨਾਂ ਨੇ ਉੱਥੇ ਹੀ ਧਰਤੀ ਉੱਤੇ ਮੂੰਹ ਭਰਨੇ ਡਿੱਗ ਕੇ ਮੱਥਾ ਟੇਕਿਆ ਅਤੇ ਯਾਹਵੇਹ ਦਾ ਧੰਨਵਾਦ ਕੀਤਾ,“ਉਹ ਭਲਾ ਹੈ;ਉਸ ਦੀ ਦਯਾ ਜੋ ਸਦਾ ਦੀ ਹੈ।”
4ਤਦ ਰਾਜਾ ਅਤੇ ਸਾਰੇ ਲੋਕਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ।5ਅਤੇ ਸ਼ਲੋਮੋਨ ਪਾਤਸ਼ਾਹ ਨੇ 22,000 ਬਲਦਾਂ ਤੇ 1,20,000 ਭੇਡਾਂ ਬੱਕਰੀਆਂ ਦੀਆਂ ਬਲੀਆਂ ਚੜ੍ਹਾਈਆਂ ਸਨ ਸੋ ਪਾਤਸ਼ਾਹ ਨੇ ਅਤੇ ਸਾਰੇ ਲੋਕਾਂ ਨੇ ਪਰਮੇਸ਼ਵਰ ਦੇ ਭਵਨ ਨੂੰ ਅਰਪਣ ਕੀਤਾ।6ਅਤੇ ਜਾਜਕ ਆਪਣੇ ਕੰਮਾਂ ਅਨੁਸਾਰ ਖਲੋਤੇ ਸਨ ਅਤੇ ਲੇਵੀ ਵੀ ਯਾਹਵੇਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖੜ੍ਹੇ ਸਨ ਜਿਨਾਂ ਨੂੰ ਦਾਵੀਦ ਪਾਤਸ਼ਾਹ ਨੇ ਯਾਹਵੇਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਹਨਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ਵਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਹਨਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖੜ੍ਹੇ ਰਹੇ।
7ਤਾਂ ਸ਼ਲੋਮੋਨ ਨੇ ਉਸ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਜੋ ਯਾਹਵੇਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਕੀਤਾ ਅਤੇ ਉੱਥੇ ਉਸ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਇਸ ਲਈ ਜੋ ਉਸ ਪਿੱਤਲ ਦੀ ਜਗਵੇਦੀ ਉੱਤੇ ਜਿਸ ਨੂੰ ਸ਼ਲੋਮੋਨ ਨੇ ਬਣਾਇਆ ਸੀ ਹੋਮ ਬਲੀ ਅਤੇ ਅਨਾਜ਼ ਦੀ ਭੇਟ ਅਤੇ ਚਰਬੀ ਲਈ ਥਾਂ ਨਹੀਂ ਸੀ।
8ਇਸ ਲਈ ਸ਼ਲੋਮੋਨ ਨੇ ਉਸ ਸਮੇਂ ਸੱਤ ਦਿਨ ਤੱਕ ਤਿਉਹਾਰ ਮਨਾਇਆ, ਸਾਰੇ ਇਸਰਾਏਲ ਨੇ ਉਸ ਦੇ ਨਾਲ ਲੇਬੋ ਹਮਾਥ ਤੋਂ ਮਿਸਰ ਦੀ ਵਾਦੀ ਤੱਕ ਲੋਕਾਂ ਦੀ ਇੱਕ ਵੱਡੀ ਸਭਾ ਸੀ।9ਅੱਠਵੇਂ ਦਿਨ ਉਹਨਾਂ ਨੇ ਇੱਕ ਸਭਾ ਰੱਖੀ ਕਿਉਂ ਜੋ ਉਹਨਾਂ ਨੇ ਜਗਵੇਦੀ ਦੇ ਸਮਰਪਣ ਨੂੰ ਸੱਤ ਦਿਨ ਅਤੇ ਹੋਰ ਸੱਤ ਦਿਨ ਤਿਉਹਾਰ ਮਨਾਇਆ ਸੀ।10ਸੱਤਵੇਂ ਮਹੀਨੇ ਦੇ ਤੇਈਵੇਂ ਦਿਨ ਉਸ ਨੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ, ਉਹਨਾਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਦਾਵੀਦ ਅਤੇ ਸ਼ਲੋਮੋਨ ਅਤੇ ਉਸ ਦੇ ਲੋਕ ਇਸਰਾਏਲ ਦੇ ਲਈ ਕੀਤੀਆਂ ਸਨ, ਉਹਨਾਂ ਦੇ ਦਿਲਾਂ ਵਿੱਚ ਅਨੰਦ ਅਤੇ ਪ੍ਰਸੰਨ ਸਨ।

ਯਾਹਵੇਹ ਦਾ ਸ਼ਲੋਮੋਨ ਨੂੰ ਪ੍ਰਗਟ ਹੋਣਾ

11ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਅਤੇ ਸ਼ਾਹੀ ਮਹਿਲ ਨੂੰ ਪੂਰਾ ਕਰ ਲਿਆ ਸੀ, ਅਤੇ ਉਹ ਸਭ ਕੁਝ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਜੋ ਉਸ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਆਪਣੇ ਮਹਿਲ ਵਿੱਚ ਕਰਨਾ ਸੀ,12ਯਾਹਵੇਹ ਨੇ ਸ਼ਲੋਮੋਨ ਨੂੰ ਰਾਤ ਨੂੰ ਦਰਸ਼ਨ ਦਿੱਤਾ ਅਤੇ ਕਿਹਾ:
“ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਇਸ ਜਗ੍ਹਾ ਨੂੰ ਆਪਣੇ ਲਈ ਚੁਣਿਆ ਹੈ ਕਿ ਇਹ ਬਲੀਦਾਨ ਲਈ ਮੰਦਰ ਹੋਵੇ।
13“ਜੇ ਮੈਂ ਕਦੀ ਅਕਾਸ਼ ਨੂੰ ਬੰਦ ਕਰ ਦਿਆਂ ਕਿ ਮੀਂਹ ਨਾ ਪਵੇ ਜਾ ਸਲਾ ਨੂੰ ਹੁਕਮ ਦਿਆਂ ਦੇਸ਼ ਨੂੰ ਚੱਟ ਲਵੇ ਜਾਂ ਆਪਣੀ ਪਰਜਾ ਦੇ ਵਿੱਚ ਬੀਮਾਰੀ ਭੇਜਾਂ,14ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ।15ਹੁਣ ਮੇਰੀਆਂ ਅੱਖਾਂ ਖੁੱਲੀਆਂ ਰਹਿਣਗੀਆਂ ਅਤੇ ਮੇਰੇ ਕੰਨ ਇਸ ਸਥਾਨ ਤੇ ਹੋਣ ਵਾਲੀਆਂ ਪ੍ਰਾਰਥਨਾ ਵੱਲ ਲੱਗੇ ਰਹਿਣਗੇ।16ਮੈਂ ਇਸ ਭਵਨ ਨੂੰ ਚੁਣਿਆ ਅਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਸਦਾ ਲਈ ਰਹੇ। ਮੇਰੀਆਂ ਅੱਖਾਂ ਅਤੇ ਮੇਰਾ ਦਿਲ ਹਮੇਸ਼ਾ ਉੱਥੇ ਰਹਿਣਗੇ।
17“ਜੇਕਰ ਤੂੰ ਮੇਰੇ ਅੱਗੇ ਆਪਣੇ ਪਿਤਾ ਦਾਵੀਦ ਵਾਂਗ ਵਫ਼ਾਦਾਰੀ ਨਾਲ ਚੱਲੇ ਅਤੇ ਮੇਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਨਾ ਕਰੇਂਗਾ,18ਮੈਂ ਤੇਰੇ ਸ਼ਾਹੀ ਸਿੰਘਾਸਣ ਨੂੰ ਸਦਾ ਲਈ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਵੀਦ ਨਾਲ ਨੇਮ ਕੀਤਾ, ‘ਕਿ ਇਸਰਾਏਲ ਵਿੱਚ ਹਾਕਮ ਬਣਨ ਲਈ ਤੈਨੂੰ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ।’
19“ਪਰ ਜੇ ਤੁਸੀਂ ਬੇਮੁੱਖ ਹੋ ਜਾਓ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੇ ਹਨ ਛੱਡ ਦਿਓ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਹਨਾਂ ਦੀ ਉਪਾਸਨਾ ਕਰੋ,20ਤਾਂ ਮੈਂ ਇਸਰਾਏਲ ਨੂੰ ਮੇਰੀ ਭੂਮੀ ਉੱਤੋਂ ਜੋ ਮੈਂ ਉਹਨਾਂ ਨੂੰ ਦਿੱਤੀ ਹੈ ਜੜ੍ਹ ਤੋਂ ਪੁੱਟ ਸੁੱਟਾਂਗਾ ਅਤੇ ਇਸ ਭਵਨ ਨੂੰ ਜੋ ਮੈਂ ਆਪਣੇ ਨਾਮ ਲਈ ਪਵਿੱਤਰ ਕੀਤਾ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਅਤੇ ਇਸ ਨੂੰ ਸਾਰਿਆਂ ਲੋਕਾਂ ਵਿੱਚ ਇੱਕ ਉਪਦੇਸ਼ ਅਤੇ ਮਖੌਲ ਦਾ ਵਿਸ਼ਾ ਬਣ ਜਾਵੇਗਾ।21ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋਵੇਗਾ ਅਤੇ ਆਖਣਗੇ, ‘ਯਾਹਵੇਹ ਨੇ ਇਸ ਧਰਤੀ ਨਾਲ ਅਤੇ ਇਸ ਭਵਨ ਨਾਲ ਅਜਿਹਾ ਕਿਉਂ ਕੀਤਾ?’22ਲੋਕ ਜਵਾਬ ਦੇਣਗੇ, ‘ਕਿਉਂਕਿ ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨੂੰ ਤਿਆਗ ਦਿੱਤਾ ਹੈ, ਜਿਹੜਾ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢ ਲਿਆਇਆ, ਅਤੇ ਉਹ ਓਪਰੇ ਦੇਵਤਿਆਂ ਦੇ ਮਗਰ ਲੱਗ ਗਏ ਅਤੇ ਉਹਨਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਇਸ ਲਈ ਉਹ ਉਹਨਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ।’ ”

Biblica, Inc.

https://app.library.bible/content/38de522697cd8943