2 ਇਤਿਹਾਸ33
ਯਹੂਦਾਹ ਦਾ ਰਾਜਾ ਮਨੱਸ਼ੇਹ
1ਮਨੱਸ਼ੇਹ ਬਾਰਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਪਚਵੰਜਾ ਸਾਲ ਰਾਜ ਕੀਤਾ।2ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਉਹਨਾਂ ਮੂਰਤੀ-ਪੂਜਕ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਅੱਗੇ ਦੇਸ਼ ਵਿੱਚੋਂ ਕੱਢ ਦਿੱਤਾ ਸੀ।3ਉਸਨੇ ਉੱਚੇ ਸਥਾਨਾਂ ਨੂੰ ਦੁਬਾਰਾ ਬਣਾਇਆ ਜੋ ਉਸਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤੇ ਸਨ। ਉਸਨੇ ਬਆਲ ਦੇਵਤਿਆਂ ਲਈ ਜਗਵੇਦੀਆਂ ਬਣਾਈਆਂ ਅਤੇ ਅਸ਼ੇਰਾਹ ਦੇ ਥੰਮ ਬਣਾਏ। ਉਸ ਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ।4ਉਸਨੇ ਯਾਹਵੇਹ ਦੇ ਭਵਨ ਵਿੱਚ ਜਗਵੇਦੀਆਂ ਬਣਾਈਆਂ, ਜਿਨ੍ਹਾਂ ਬਾਰੇ ਯਾਹਵੇਹ ਨੇ ਕਿਹਾ ਸੀ, “ਮੇਰਾ ਨਾਮ ਯੇਰੂਸ਼ਲੇਮ ਵਿੱਚ ਸਦਾ ਲਈ ਰਹੇਗਾ।”5ਯਾਹਵੇਹ ਦੇ ਭਵਨ ਦੇ ਦੋਵੇਂ ਵਿਹੜਿਆਂ ਵਿੱਚ, ਉਸਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਲਈ ਜਗਵੇਦੀਆਂ ਬਣਾਈਆਂ।6ਉਸਨੇ ਆਪਣੇ ਬੱਚਿਆਂ ਨੂੰ ਬੇਨ-ਹਿੰਨੋਮ ਦੀ ਘਾਟੀ ਵਿੱਚ ਅੱਗ ਵਿੱਚ ਬਲੀ ਚੜ੍ਹਾਇਆ। ਉਹ ਭਵਿੱਖ ਨੂੰ ਪਤਾ ਕਰਨ ਲਈ ਜਾਦੂ-ਟੂਣੇ ਕਰਦਾ ਅਤੇ ਪੁੱਛਣ ਵਾਲੇ ਆਤਮਿਆਂ ਅਤੇ ਜਾਦੂਗਰਾਂ ਨਾਲ ਵਾਸਤਾ ਰੱਖਦਾ ਸੀ। ਮਨੱਸ਼ੇਹ ਨੇ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਬੁਰਾਈ ਕੀਤੀ। ਇਸ ਕਰਕੇ ਯਾਹਵੇਹ ਦਾ ਗੁੱਸੇ ਉਸ ਉੱਤੇ ਭੜਕਿਆ।7ਉਸਨੇ ਆਪਣੀ ਬਣਾਈ ਮੂਰਤ ਨੂੰ ਲੈ ਕੇ ਪਰਮੇਸ਼ਵਰ ਦੇ ਭਵਨ ਵਿੱਚ ਰੱਖ ਦਿੱਤਾ, ਜਿਸ ਬਾਰੇ ਪਰਮੇਸ਼ਵਰ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਨੂੰ ਕਿਹਾ ਸੀ, “ਇਸ ਭਵਨ ਵਿੱਚ ਅਤੇ ਯੇਰੂਸ਼ਲੇਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੀਆਂ ਸਾਰਿਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਮੈਂ ਆਪਣਾ ਨਾਮ ਸਦਾ ਲਈ ਰੱਖਾਂਗਾ।8ਮੈਂ ਇਸਰਾਏਲੀਆਂ ਦੇ ਪੈਰਾਂ ਨੂੰ ਉਸ ਧਰਤੀ ਤੋਂ ਨਹੀਂ ਹਟਾਵਾਂਗਾ ਜਿਹੜੀ ਮੈਂ ਤੁਹਾਡੇ ਪੁਰਖਿਆਂ ਲਈ ਠਹਿਰਾਈ ਸੀ, ਜੇਕਰ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਜਿਨ੍ਹਾਂ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਅਰਥਾਤ ਉਹ ਸਾਰੇ ਕਾਨੂੰਨ, ਬਿਧੀਆਂ ਅਤੇ ਨਿਯਮ ਜਿਹੜੇ ਮੋਸ਼ੇਹ ਦੁਆਰਾ ਦਿੱਤੇ।”9ਪਰ ਮਨੱਸ਼ੇਹ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ ਕਿ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੱਧ ਬੁਰਾਈਆਂ ਕੀਤੀਆਂ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਤਬਾਹ ਕੀਤਾ ਸੀ।10ਯਾਹਵੇਹ ਨੇ ਮਨੱਸ਼ੇਹ ਅਤੇ ਉਸਦੇ ਲੋਕਾਂ ਨਾਲ ਗੱਲ ਕੀਤੀ, ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ।11ਤਾਂ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦੇ ਸੈਨਾਪਤੀ ਨੂੰ ਉਹਨਾਂ ਦੇ ਵਿਰੁੱਧ ਲਿਆਂਦਾ, ਜਿਨ੍ਹਾਂ ਨੇ ਮਨੱਸ਼ੇਹ ਨੂੰ ਕੈਦ ਕਰ ਲਿਆ, ਉਸ ਦੇ ਨੱਕ ਵਿੱਚ ਕੁੰਡੀ ਪਾ ਦਿੱਤੀ, ਉਸ ਨੂੰ ਪਿੱਤਲ ਦੇ ਸੰਗਲ ਨਾਲ ਬੰਨ੍ਹ ਕੇ ਬਾਬੇਲ ਨੂੰ ਲੈ ਗਏ।12ਆਪਣੀ ਬਿਪਤਾ ਵਿੱਚ ਉਸਨੇ ਆਪਣੇ ਪਰਮੇਸ਼ਵਰ ਦੀ ਕਿਰਪਾ ਦੀ ਮੰਗ ਕੀਤੀ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕੀਤਾ।13ਅਤੇ ਜਦੋਂ ਉਸਨੇ ਉਸਨੂੰ ਪ੍ਰਾਰਥਨਾ ਕੀਤੀ, ਯਾਹਵੇਹ ਉਸਦੀ ਬੇਨਤੀ ਤੋਂ ਪ੍ਰਭਾਵਿਤ ਹੋਇਆ ਅਤੇ ਉਸਨੇ ਉਸਦੀ ਬੇਨਤੀ ਸੁਣ ਲਈ; ਇਸ ਲਈ ਉਹ ਉਸਨੂੰ ਯੇਰੂਸ਼ਲੇਮ ਅਤੇ ਉਸਦੇ ਰਾਜ ਵਿੱਚ ਵਾਪਸ ਲੈ ਆਇਆ। ਤਦ ਮਨੱਸ਼ੇਹ ਜਾਣ ਗਿਆ ਕਿ ਯਾਹਵੇਹ ਪਰਮੇਸ਼ਵਰ ਹੈ।14ਇਸ ਤੋਂ ਬਾਅਦ, ਉਸ ਨੇ ਦਾਵੀਦ ਦੇ ਸ਼ਹਿਰ ਦੀ ਬਾਹਰੀ ਕੰਧ, ਵਾਦੀ ਵਿੱਚ ਗੀਹੋਨ ਝਰਨੇ ਦੇ ਪੱਛਮ ਵੱਲ, ਮੱਛੀ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਅਤੇ ਓਫੇਲ ਦੀ ਪਹਾੜੀ ਨੂੰ ਘੇਰਾ ਪਾ ਕੇ ਦੁਬਾਰਾ ਬਣਾਇਆ। ਉਸ ਨੇ ਇਸ ਨੂੰ ਬਹੁਤ ਉੱਚਾ ਵੀ ਬਣਾਇਆ। ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਫ਼ੌਜੀ ਸੈਨਾਪਤੀ ਤਾਇਨਾਤ ਕੀਤੇ।15ਅਤੇ ਉਹ ਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਾਹਵੇਹ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਾਹਵੇਹ ਦੇ ਭਵਨ ਦੇ ਪਹਾੜ ਉੱਤੇ ਯੇਰੂਸ਼ਲੇਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ।16ਫਿਰ ਉਸ ਨੇ ਯਾਹਵੇਹ ਦੀ ਜਗਵੇਦੀ ਨੂੰ ਮੁੜ ਸਥਾਪਿਤ ਕੀਤਾ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ, ਅਤੇ ਯਹੂਦਾਹ ਨੂੰ ਕਿਹਾ ਕਿ ਉਹ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਦੀ ਸੇਵਾ ਕਰੇ।17ਫਿਰ ਵੀ, ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਰਹੇ, ਭਾਵੇਂ ਕਿ ਉਹ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਬਲੀਆਂ ਚੜ੍ਹਾ ਰਹੇ ਸਨ।18ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਦੇ ਪਰਮੇਸ਼ਵਰ ਨੂੰ ਪ੍ਰਾਰਥਨਾ ਕੀਤੀ ਗਈ ਅਤੇ ਉਹ ਸ਼ਬਦ ਜੋ ਉਸ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ ਬੋਲੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਵਿੱਚ ਲਿਖੇ ਹੋਏ ਹਨ।19ਮਨੱਸ਼ੇਹ ਨੇ ਜੋ ਪ੍ਰਾਰਥਨਾਵਾਂ ਕੀਤੀਆਂ, ਅਤੇ ਉਸ ਦੀਆਂ ਪ੍ਰਾਰਥਨਾਵਾਂ ਨੇ ਪਰਮੇਸ਼ਵਰ ਨੂੰ ਕਿਵੇਂ ਪਿਘਲਾ ਦਿੱਤਾ, ਉਸ ਦੇ ਕੀਤੇ ਗਏ ਪਾਪ, ਉਸ ਦਾ ਵਿਸ਼ਵਾਸਘਾਤ, ਉਸ ਦੀਆਂ ਉੱਚੀਆਂ ਥਾਵਾਂ ਉੱਤੇ ਬਣਾਈਆਂ ਜਗਵੇਦੀਆਂ, ਅਸ਼ੇਰਾਹ ਦੇ ਅਸਥਾਨ, ਉੱਕਰੀਆਂ ਮੂਰਤੀਆਂ, ਉਹ ਸਭ ਕੁਝ ਜੋ ਉਸ ਨੇ ਆਪਣੇ ਆਪ ਨੂੰ ਨਿਮਰ ਹੋਣ ਤੋਂ ਪਹਿਲਾਂ ਕੀਤਾ, ਇਨ੍ਹਾਂ ਸਭ ਦਾ ਵਰਣਨ ਹੋਜ਼ਾਈ ਦੀ ਪੋਥੀ ਵਿੱਚ ਦਰਜ ਹੈ।20ਮਨੱਸ਼ੇਹ ਮਰ ਕੇ ਆਪਣੇ ਪੁਰਖਿਆਂ ਨਾਲ ਗਿਆ ਅਤੇ ਉਸਨੂੰ ਉਸਦੇ ਮਹਿਲ ਵਿੱਚ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।ਯਹੂਦਾਹ ਦਾ ਰਾਜਾ ਆਮੋਨ
21ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ।22ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਉਸਦੇ ਪਿਤਾ ਮਨੱਸ਼ੇਹ ਨੇ ਕੀਤੀ ਸੀ। ਆਮੋਨ ਨੇ ਮਨੱਸ਼ੇਹ ਦੀਆਂ ਸਾਰੀਆਂ ਮੂਰਤੀਆਂ ਦੀ ਉਪਾਸਨਾ ਕੀਤੀ ਅਤੇ ਬਲੀਆਂ ਚੜ੍ਹਾਈਆਂ।23ਪਰ ਆਪਣੇ ਪਿਤਾ ਮਨੱਸ਼ੇਹ ਦੇ ਉਲਟ, ਉਸਨੇ ਆਪਣੇ ਆਪ ਨੂੰ ਯਾਹਵੇਹ ਅੱਗੇ ਨਿਮਰ ਨਹੀਂ ਕੀਤਾ ਅਤੇ ਆਮੋਨ ਨੇ ਆਪਣੇ ਦੋਸ਼ ਨੂੰ ਵਧਾ ਦਿੱਤਾ।24ਆਮੋਨ ਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਦੇ ਮਹਿਲ ਵਿੱਚ ਉਸ ਦਾ ਕਤਲ ਕਰਵਾ ਦਿੱਤਾ।25ਤਦ ਦੇਸ਼ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜੇ ਆਮੋਨ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਅਤੇ ਉਹਨਾਂ ਨੇ ਉਸ ਦੇ ਪੁੱਤਰ ਯੋਸ਼ੀਯਾਹ ਨੂੰ ਉਸ ਦੀ ਥਾਂ ਤੇ ਰਾਜਾ ਬਣਾਇਆ।Biblica, Inc.