2 ਇਤਿਹਾਸ3
ਯੇਰੂਸ਼ਲੇਮ ਵਿੱਚ ਮੰਦਰ ਦੀ ਉਸਾਰੀ
1ਫਿਰ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਮੋਰਿਆਹ ਪਹਾੜ ਉੱਤੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ, ਜਿੱਥੇ ਉਸ ਦੇ ਪਿਤਾ ਦਾਵੀਦ ਨੂੰ ਯਾਹਵੇਹ ਪ੍ਰਗਟ ਹੋਇਆ ਸੀ। ਇਹ ਦਾਵੀਦ ਦੁਆਰਾ ਪ੍ਰਦਾਨ ਕੀਤੀ ਗਈ ਜਗ੍ਹਾ ਅਰੌਨਾਹ ਦੇ ਪਿੜ ਤੇ ਸੀ।2ਉਸਨੇ ਆਪਣੇ ਰਾਜ ਦੇ ਚੌਥੇ ਸਾਲ ਵਿੱਚ ਦੂਸਰੇ ਮਹੀਨੇ ਦੇ ਦੂਸਰੇ ਦਿਨ ਨਿਰਮਾਣ ਸ਼ੁਰੂ ਕੀਤਾ।3ਸ਼ਲੋਮੋਨ ਨੇ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਜੋ ਨੀਂਹ ਰੱਖੀ ਸੀ, ਉਹ ਸੱਠ ਹੱਥ ਲੰਬੀ ਅਤੇ ਵੀਹ ਹੱਥ ਚੌੜੀ ਸੀ (ਪੁਰਾਣੇ ਮਿਆਰ ਦੇ ਹੱਥ ਦੇ ਅਨੁਸਾਰ)।4ਹੈਕਲ ਦੇ ਸਾਹਮਣੇ ਦੀ ਡਿਉੜੀ ਦੀ ਚੌੜਾਈ, ਲੰਬਾਈ ਅਤੇ ਉਚਾਈ ਵੀਹ ਹੱਥ ਸੀ।ਉਸ ਨੇ ਅੰਦਰਲੇ ਪਾਸੇ ਨੂੰ ਸ਼ੁੱਧ ਸੋਨੇ ਨਾਲ ਭਰ ਦਿੱਤਾ।5ਉਸਨੇ ਮੁੱਖ ਹਾਲ ਨੂੰ ਚੀਲ ਦੀ ਲੱਕੜੀ ਨਾਲ ਜੜਿਆ ਅਤੇ ਇਸ ਨੂੰ ਵਧੀਆ ਸੋਨੇ ਨਾਲ ਮੜ੍ਹਿਆ ਅਤੇ ਇਸ ਨੂੰ ਖਜ਼ੂਰ ਦੇ ਰੁੱਖ ਅਤੇ ਜੰਜ਼ੀਰੀਆਂ ਨਾਲ ਸਜਾਇਆ।6ਉਸ ਨੇ ਭਵਨ ਨੂੰ ਕੀਮਤੀ ਪੱਥਰਾਂ ਨਾਲ ਸਜਾਇਆ ਅਤੇ ਜਿਸ ਸੋਨੇ ਦੀ ਉਸਨੇ ਵਰਤੋਂ ਕੀਤੀ ਉਹ ਪਰਵਇਮ ਦੇਸ਼ ਦਾ ਸੋਨਾ ਸੀ।7ਉਸ ਨੇ ਭਵਨ ਦੀਆਂ ਛੱਤਾਂ, ਉਸ ਦੀ ਡਿਉੜੀ, ਕੰਧਾਂ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਕੰਧਾਂ ਉੱਤੇ ਕਰੂਬੀ ਉੱਕਰੇ।8ਉਸ ਨੇ ਸਭ ਤੋਂ ਪਵਿੱਤਰ ਸਥਾਨ ਬਣਾਇਆ, ਜਿਸ ਦੀ ਲੰਬਾਈ ਭਵਨ ਦੀ ਚੌੜਾਈ ਦੇ ਅਨੁਸਾਰ ਵੀਹ ਹੱਥ ਲੰਬੀ ਅਤੇ ਵੀਹ ਹੱਥ ਚੌੜੇ ਸੀ। ਉਸਨੇ ਛੇ ਸੌ ਤੋੜੇ ਚੋਖੇ ਸੋਨੇ ਨਾਲ ਮੜ੍ਹਿਆ।9ਸੋਨੇ ਦੇ ਕਿੱਲਾਂ ਦਾ ਭਾਰ ਪੰਜਾਹ ਸ਼ੈਕੇਲ ਸੀ ਅਤੇ ਉਸ ਨੇ ਉੱਪਰਲੀਆਂ ਕੋਠੜੀਆਂ ਵੀ ਸੋਨੇ ਨਾਲ ਮੜ੍ਹ ਦਿੱਤਾ।10ਅਤੇ ਉਸ ਨੇ ਅੱਤ ਪਵਿੱਤਰ ਅਸਥਾਨ ਵਿੱਚ ਦੋ ਕਰੂਬੀ ਉੱਕਰ ਕੇ ਬਣਾਏ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹਿਆ।11ਅਤੇ ਕਰੂਬੀਆਂ ਦੇ ਖੰਭਾਂ ਦੀ ਲੰਬਾਈ ਵੀਹ ਹੱਥ ਸੀ। ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤੱਕ ਪਹੁੰਚਿਆ ਹੋਇਆ ਅਤੇ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਦੇ ਖੰਭ ਤੱਕ ਪਹੁੰਚਿਆ ਹੋਇਆ ਸੀ।12ਅਤੇ ਦੂਸਰੀ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਭਵਨ ਦੀ ਕੰਧ ਤਾਈਂ ਪਹੁੰਚਿਆ ਹੋਇਆ ਅਰ ਦੂਜਾ ਖੰਭ ਪੰਜ ਹੱਥ ਦਾ ਦੂਜੇ ਕਰੂਬੀ ਤੇ ਖੰਭ ਨਾਲ ਜੁੜਿਆ ਹੋਇਆ ਸੀ।13ਇਨ੍ਹਾਂ ਕਰੂਬੀਆਂ ਦੇ ਖੰਭ ਵੀਹ ਹੱਥ ਫੈਲੇ ਹੋਏ ਸਨ ਅਤੇ ਉਹ ਆਪਣੇ-ਆਪਣੇ ਪੈਰਾਂ ਉੱਤੇ ਖਲੋਤੇ ਸਨ ਅਰ ਉਹਨਾਂ ਦੇ ਮੂੰਹ ਅੰਦਰਵਾਰ ਨੂੰ ਸਨ।14ਅਤੇ ਉਸ ਨੇ ਪਰਦਾ ਨੀਲੇ, ਬੈਂਗਣੀ, ਲਾਲ ਰੰਗ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਸ ਦੇ ਉੱਤੇ ਕਰੂਬੀ ਫ਼ਰਿਸ਼ਤੇ ਦੀ ਕਢਾਈ ਕੀਤੀ।15ਭਵਨ ਦੇ ਸਾਹਮਣੇ ਲਈ ਉਸਨੇ ਦੋ ਥੰਮ੍ਹ ਬਣਾਏ, ਜੋ ਇਕੱਠੇ 35 ਹੱਥ ਲੰਬੇ ਸਨ, ਹਰੇਕ ਦੀ ਪੂੰਜੀ ਪੰਜ ਹੱਥ ਉੱਚੀ ਸੀ।16ਉਸ ਨੇ ਆਪਸ ਵਿੱਚ ਜੁੜੀਆਂ ਜ਼ੰਜੀਰਾਂ ਬਣਾਈਆਂ ਅਤੇ ਉਹਨਾਂ ਨੂੰ ਥੰਮ੍ਹਾਂ ਦੇ ਉੱਪਰ ਰੱਖਿਆ। ਉਸ ਨੇ ਸੌ ਅਨਾਰ ਵੀ ਬਣਾਏ ਅਤੇ ਉਹਨਾਂ ਨੂੰ ਜ਼ੰਜੀਰਾਂ ਨਾਲ ਜੋੜ ਦਿੱਤਾ।17ਉਸ ਨੇ ਹੈਕਲ ਦੇ ਸਾਹਮਣੇ ਥੰਮ੍ਹਾਂ ਨੂੰ ਖੜ੍ਹਾ ਕੀਤਾ, ਇੱਕ ਦੱਖਣ ਵੱਲ ਅਤੇ ਇੱਕ ਉੱਤਰ ਵੱਲ। ਦੱਖਣ ਵੱਲ ਇੱਕ ਦਾ ਨਾਮ ਉਸ ਨੇ ਯਾਕੀਨ ਅਤੇ ਉੱਤਰ ਵੱਲ ਇੱਕ ਦਾ ਨਾਮ ਬੋਅਜ਼ ਰੱਖਿਆ।
Biblica, Inc.