2 ਇਤਿਹਾਸ25
ਯਹੂਦਾਹ ਦਾ ਰਾਜਾ ਅਮਾਜ਼ਯਾਹ
1ਅਮਾਜ਼ਯਾਹ ਪੱਚੀ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯੇਹੋਅਦਾਨ ਸੀ ਅਤੇ ਉਹ ਯੇਰੂਸ਼ਲੇਮ ਦੀ ਸੀ।2ਉਸ ਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਪਰ ਉਸ ਨੇ ਪੂਰੇ ਦਿਲ ਦੇ ਨਾਲ ਨਹੀਂ ਕੀਤਾ।3ਜਿਵੇਂ ਹੀ ਰਾਜ ਉਸਦੇ ਹੱਥ ਵਿੱਚ ਮਜ਼ਬੂਤ ਹੋਇਆ, ਉਸ ਨੇ ਉਹਨਾਂ ਅਧਿਕਾਰੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਉਸ ਦੇ ਪਿਤਾ ਰਾਜੇ ਦਾ ਕਤਲ ਕੀਤਾ ਸੀ।4ਫਿਰ ਵੀ ਉਸ ਨੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਕਿਉਂ ਜੋ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਦੇ ਅਨੁਸਾਰ ਜਿੱਥੇ ਯਾਹਵੇਹ ਨੇ ਹੁਕਮ ਦਿੱਤਾ ਸੀ, “ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਥਾਂ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ, ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।” 5ਅਮਾਜ਼ਯਾਹ ਨੇ ਯਹੂਦਾਹ ਦੇ ਲੋਕਾਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਹਜ਼ਾਰਾਂ ਦੇ ਸਰਦਾਰ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਲਈ ਸੈਂਕੜੇ ਦੇ ਸਰਦਾਰਾਂ ਨੂੰ ਨਿਯੁਕਤ ਕੀਤਾ। ਉਸ ਨੇ ਫਿਰ ਉਹਨਾਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਦੇਖਿਆ ਕਿ ਫੌਜੀ ਸੇਵਾ ਲਈ ਤਿੰਨ ਲੱਖ ਆਦਮੀ ਸਨ, ਜੋ ਬਰਛੇ ਅਤੇ ਢਾਲ਼ ਨੂੰ ਸੰਭਾਲਣ ਦੇ ਯੋਗ ਸਨ।6ਉਸਨੇ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦੇ ਬਦਲੇ ਇਸਰਾਏਲ ਵਿੱਚੋਂ ਇੱਕ ਲੱਖ ਲੜਾਕੇ ਵੀ ਰੱਖੇ।7ਪਰ ਇੱਕ ਪਰਮੇਸ਼ਵਰ ਦੇ ਬੰਦੇ ਨੇ ਉਸ ਦੇ ਕੋਲ ਆਣ ਕੇ ਆਖਿਆ, “ਹੇ ਪਾਤਸ਼ਾਹ, ਇਸਰਾਏਲ ਦੀ ਇਸ ਫ਼ੌਜ ਨੂੰ ਆਪਣੇ ਨਾਲ ਨਾ ਲੈ ਜਾਓ। ਕਿਉਂ ਜੋ ਯਾਹਵੇਹ ਇਸਰਾਏਲ ਦੀ ਫ਼ੌਜ ਦੇ ਪੱਖ ਵਿੱਚ ਨਹੀਂ ਹੈ ਅਤੇ ਨਾ ਹੀ ਇਫ਼ਰਾਈਮ ਦੇ ਵੰਸ਼ ਵਿੱਚੋਂ ਕਿਸੇ ਦੇ ਪਾਸੇ ਹੈ।8ਭਾਵੇਂ ਤੁਸੀਂ ਜਾ ਕੇ ਦਲੇਰੀ ਨਾਲ ਲੜਾਈ ਵਿੱਚ ਲੜੋ, ਪਰਮੇਸ਼ਵਰ ਤੁਹਾਨੂੰ ਦੁਸ਼ਮਣ ਦੇ ਅੱਗੇ ਪਛਾੜ ਦੇਵੇਗਾ, ਕਿਉਂਕਿ ਪਰਮੇਸ਼ਵਰ ਕੋਲ ਮਦਦ ਕਰਨ ਜਾਂ ਹਰਾਉਣ ਦੀ ਸ਼ਕਤੀ ਹੈ।”9ਅਮਾਜ਼ਯਾਹ ਨੇ ਪਰਮੇਸ਼ਵਰ ਦੇ ਬੰਦੇ ਨੂੰ ਪੁੱਛਿਆ, “ਪਰ ਮੈਂ ਇਨ੍ਹਾਂ ਇਸਰਾਏਲੀ ਫ਼ੌਜਾਂ ਲਈ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦਿੱਤੀ ਹੈ?”ਪਰਮੇਸ਼ਵਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਇਸ ਤੋਂ ਵੱਧ ਦੇ ਸਕਦਾ ਹੈ।”10ਇਸ ਲਈ ਅਮਾਜ਼ਯਾਹ ਨੇ ਉਹਨਾਂ ਫ਼ੌਜਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੂੰ ਘਰ ਭੇਜ ਦਿੱਤਾ ਜੋ ਇਫ਼ਰਾਈਮ ਤੋਂ ਉਸ ਕੋਲ ਆਏ ਸਨ। ਉਹ ਯਹੂਦਾਹ ਨਾਲ ਗੁੱਸੇ ਹੋਏ ਅਤੇ ਘਰ ਨੂੰ ਚਲੇ ਗਏ।11ਤਦ ਅਮਾਜ਼ਯਾਹ ਨੇ ਹਿੰਮਤ ਕੀਤੀ ਅਤੇ ਆਪਣੀ ਸੈਨਾ ਨੂੰ ਲੂਣ ਦੀ ਘਾਟੀ ਵੱਲ ਲੈ ਗਿਆ ਅਤੇ ਉੱਥੇ ਉਸ ਨੇ ਸੇਈਰ ਦੇ ਦਸ ਹਜ਼ਾਰ ਆਦਮੀਆਂ ਨੂੰ ਮਾਰ ਦਿੱਤਾ।12ਯਹੂਦਾਹ ਦੀ ਫ਼ੌਜ ਨੇ ਵੀ ਦਸ ਹਜ਼ਾਰ ਆਦਮੀਆਂ ਨੂੰ ਜਿਉਂਦਾ ਫੜ ਲਿਆ, ਉਹਨਾਂ ਨੂੰ ਚੱਟਾਨ ਦੀ ਸਿਖਰ ਤੇ ਲੈ ਗਿਆ ਅਤੇ ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਕਿ ਇਸ ਕਾਰਨ ਉਸ ਦੇ ਸਰੀਰ ਦੇ ਟੋਟੇ-ਟੋਟੇ ਹੋ ਗਏ।13ਪਰ ਉਹਨਾਂ ਗੁੱਸੇ ਵਿੱਚ ਆਏ ਸਿਪਾਹੀਆਂ ਜਿਨ੍ਹਾਂ ਨੂੰ ਅਮਾਜ਼ਯਾਹ ਨੇ ਯੁੱਧ ਦੇ ਮੈਦਾਨ ਵਿੱਚ ਲਿਜਾਣ ਦੀ ਬਜਾਏ ਘਰ ਵਾਪਸ ਭੇਜਿਆ ਸੀ, ਯਹੂਦਿਯਾ ਦੇ ਸ਼ਹਿਰਾਂ ਵਿੱਚ ਜਾ ਕੇ ਉਹਨਾਂ ਨੂੰ ਲੁੱਟਿਆ ਅਤੇ ਸਾਮਰਿਯਾ ਤੋਂ ਬੈਥ-ਹੋਰੋਨ ਤੱਕ ਤਿੰਨ ਹਜ਼ਾਰ ਲੋਕਾਂ ਨੂੰ ਮਾਰਿਆ ਅਤੇ ਬਹੁਤ ਸਾਰਾ ਮਾਲ ਲੁੱਟ ਲਿਆ।14ਜਦੋਂ ਅਮਾਜ਼ਯਾਹ ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਸਨੇ ਸੇਈਰ ਦੇ ਲੋਕਾਂ ਦੇ ਦੇਵਤਿਆਂ ਨੂੰ ਵਾਪਸ ਲਿਆਂਦਾ। ਉਸ ਨੇ ਉਹਨਾਂ ਨੂੰ ਆਪਣੇ ਦੇਵਤਿਆਂ ਵਜੋਂ ਸਥਾਪਿਤ ਕੀਤਾ, ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੂੰ ਬਲੀਆਂ ਚੜ੍ਹਾਈਆਂ।15ਇਸ ਲਈ ਯਾਹਵੇਹ ਦਾ ਕ੍ਰੋਧ ਅਮਾਜ਼ਯਾਹ ਤੇ ਭੜਕਿਆ ਅਤੇ ਉਸ ਨੇ ਇੱਕ ਨਬੀ ਨੂੰ ਉਸ ਦੇ ਕੋਲ ਭੇਜਿਆ, ਜਿਸ ਨੇ ਉਸ ਨੂੰ ਆਖਿਆ, “ਤੁਸੀਂ ਉਹਨਾਂ ਲੋਕਾਂ ਦੇ ਉਹਨਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ?”16ਉਹ ਉਸ ਦੇ ਨਾਲ ਗੱਲਾਂ ਕਰਦਾ ਸੀ ਕਿ ਪਾਤਸ਼ਾਹ ਨੇ ਉਸ ਨੂੰ ਕਿਹਾ, “ਕੀ ਅਸੀਂ ਤੈਨੂੰ ਪਾਤਸ਼ਾਹ ਦਾ ਮੰਤਰੀ ਬਣਾਇਆ ਹੈ ਚੁੱਪ ਰਹਿ! ਤੂੰ ਆਪਣੀ ਮੌਤ ਨੂੰ ਕਿਉਂ ਸੱਦਾ ਦੇ ਰਹੇ ਹੋ?”
ਤਦ ਉਹ ਨਬੀ ਇਹ ਆਖ ਕੇ ਚੁੱਪ ਹੋ ਗਿਆ, “ਕਿ ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਇਸ ਲਈ ਕਿ ਤੁਸੀਂ ਮੇਰੀ ਸਲਾਹ ਨਹੀਂ ਮੰਨੀ ਅਤੇ ਤੁਸੀਂ ਇਹ ਸਭ ਕੀਤਾ ਹੈ।”17ਯਹੂਦਾਹ ਦੇ ਰਾਜੇ ਅਮਾਜ਼ਯਾਹ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਉਸਨੇ ਇਸਰਾਏਲ ਦੇ ਰਾਜੇ ਯੇਹੂ ਦੇ ਪੁੱਤਰ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੂੰ ਇਹ ਲਲਕਾਰ ਘੱਲਿਆ: “ਆਓ, ਅਸੀਂ ਇੱਕ-ਦੂਜੇ ਨਾਲ ਲੜਾਈ ਕਰੀਏ।”18ਪਰ ਇਸਰਾਏਲ ਦੇ ਰਾਜੇ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ ਜਵਾਬ ਦਿੱਤਾ: “ਲਬਾਨੋਨ ਦੀ ਇੱਕ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਇੱਕ ਦਿਆਰ ਨੂੰ ਸੁਨੇਹਾ ਭੇਜਿਆ, ‘ਆਪਣੀ ਧੀ ਦਾ ਮੇਰੇ ਪੁੱਤਰ ਨਾਲ ਵਿਆਹ ਕਰ ਦੇ।’ ਤਦ ਲਬਾਨੋਨ ਵਿੱਚ ਇੱਕ ਜੰਗਲੀ ਜਾਨਵਰ ਲੰਗਿਆ ਅਤੇ ਉਸ ਨੇ ਉਸ ਕੰਡਿਆਲੇ ਨੂੰ ਪੈਰਾਂ ਹੇਠ ਮਿੱਧ ਦਿੱਤਾ।19ਤੂੰ ਆਖਿਆ, ਤੂੰ ਅਦੋਮ ਨੂੰ ਹਰਾਇਆ ਹੈ ਅਤੇ ਹੁਣ ਤੂੰ ਹੰਕਾਰੀ ਹੋ ਰਿਹਾ ਹੈ। ਪਰ ਘਰ ਵਿੱਚ ਬੈਠ! ਤੂੰ ਕਿਉਂ ਆਪਣੇ ਲਈ ਅਤੇ ਯਹੂਦਾਹ ਵੀ ਲਈ ਮੁਸੀਬਤ ਨੂੰ ਛੇੜਦਾ ਅਤੇ ਡਿੱਗਦਾ ਹੈ।”20ਪਰ ਅਮਾਜ਼ਯਾਹ ਨੇ ਨਾ ਸੁਣੀ, ਕਿਉਂਕਿ ਪਰਮੇਸ਼ਵਰ ਨੇ ਅਜਿਹਾ ਕੰਮ ਕੀਤਾ ਕਿ ਉਹ ਉਹਨਾਂ ਨੂੰ ਯੋਆਸ਼ ਦੇ ਹੱਥਾਂ ਵਿੱਚ ਸੌਂਪ ਦੇਵੇ, ਕਿਉਂਕਿ ਉਹ ਅਦੋਮ ਦੇ ਦੇਵਤਿਆਂ ਨੂੰ ਭਾਲਦੇ ਸਨ।21ਇਸ ਲਈ ਇਸਰਾਏਲ ਦੇ ਰਾਜਾ ਯੋਆਸ਼ ਨੇ ਹਮਲਾ ਕਰ ਦਿੱਤਾ। ਉਹ ਅਤੇ ਯਹੂਦਾਹ ਦਾ ਰਾਜਾ ਅਮਾਜ਼ਯਾਹ ਯਹੂਦਾਹ ਵਿੱਚ ਬੈਥ-ਸ਼ੇਮੇਸ਼ ਵਿੱਚ ਇੱਕ ਦੂਸਰੇ ਦੇ ਆਹਮੋ-ਸਾਹਮਣੇ ਹੋਏ।22ਤਦ ਯਹੂਦਾਹ ਇਸਰਾਏਲ ਦੁਆਰਾ ਹਾਰ ਗਿਆ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ।23ਇਸਰਾਏਲ ਦੇ ਪਾਤਸ਼ਾਹ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ, ਜੋ ਯੋਆਸ਼ ਦਾ ਪੁੱਤਰ, ਯਹੋਆਹਾਜ਼ ਦਾ ਪੁੱਤਰ ਸੀ, ਬੈਥ-ਸ਼ੇਮੇਸ਼ ਵਿੱਚ ਫੜ ਲਿਆ। ਫਿਰ ਯੋਆਸ਼ ਉਸ ਨੂੰ ਯੇਰੂਸ਼ਲੇਮ ਵਿੱਚ ਲੈ ਆਇਆ ਅਤੇ ਯੇਰੂਸ਼ਲੇਮ ਦੀ ਕੰਧ ਨੂੰ ਇਫ਼ਰਾਈਮ ਫ਼ਾਟਕ ਤੋਂ ਲੈ ਕੇ ਕੋਨੇ ਦੇ ਫ਼ਾਟਕ ਤੱਕ ਢਾਹ ਦਿੱਤਾ, ਜੋ ਲਗਭਗ ਚਾਰ ਸੌ ਹੱਥ ਲੰਮੀ ਸੀ।24ਉਸ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਪਰਮੇਸ਼ਵਰ ਦੇ ਭਵਨ ਦੇ ਸਾਰੇ ਸਮਾਨ ਨੂੰ ਜੋ ਓਬੇਦ-ਅਦੋਮ ਦੀ ਦੇਖਭਾਲ ਵਿੱਚ ਸੀ, ਮਹਿਲ ਦੇ ਖ਼ਜ਼ਾਨੇ ਅਤੇ ਬੰਧਕਾਂ ਨੂੰ ਲੈ ਲਿਆ ਅਤੇ ਸਾਮਰਿਯਾ ਵਾਪਸ ਆ ਗਿਆ।25ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਾਜ਼ਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੀ ਮੌਤ ਤੋਂ ਬਾਅਦ ਪੰਦਰਾਂ ਸਾਲ ਤੱਕ ਜੀਉਂਦਾ ਰਿਹਾ।26ਅਮਾਜ਼ਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ, ਉਹ ਸਭ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।27ਜਿਸ ਸਮੇਂ ਤੋਂ ਅਮਾਜ਼ਯਾਹ ਯਾਹਵੇਹ ਦਾ ਅਨੁਸਰਣ ਕਰਨ ਤੋਂ ਹਟ ਗਿਆ, ਉਹਨਾਂ ਨੇ ਯੇਰੂਸ਼ਲੇਮ ਵਿੱਚ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਹਨਾਂ ਨੇ ਉਸਦੇ ਮਗਰ ਲਾਕੀਸ਼ ਵਿੱਚ ਆਦਮੀ ਭੇਜੇ ਅਤੇ ਉੱਥੇ ਉਸਨੂੰ ਮਾਰ ਦਿੱਤਾ।28ਉਸਨੂੰ ਘੋੜੇ ਉੱਤੇ ਵਾਪਸ ਲਿਆਂਦਾ ਗਿਆ ਅਤੇ ਯਹੂਦਾਹ ਦੇ ਸ਼ਹਿਰ ਵਿੱਚ ਉਸਦੇ ਪੁਰਖਿਆਂ ਦੇ ਨਾਲ ਦਫ਼ਨਾਇਆ ਗਿਆ।
Biblica, Inc.