1 ਇਤਿਹਾਸ23

ਲੇਵੀਆਂ

1ਜਦੋਂ ਦਾਵੀਦ ਬੁੱਢਾ ਅਤੇ ਉਮਰ ਭੋਗ ਚੁੱਕਿਆ, ਤਾਂ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਇਸਰਾਏਲ ਦਾ ਪਾਤਸ਼ਾਹ ਬਣਾਇਆ।
2ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ।3ਤੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੇਵੀਆਂ ਦੀ ਗਿਣਤੀ ਕੀਤੀ ਗਈ ਅਤੇ ਮਨੁੱਖਾਂ ਦੀ ਕੁੱਲ ਗਿਣਤੀ ਅਠੱਤੀ ਹਜ਼ਾਰ ਸੀ।4ਦਾਵੀਦ ਨੇ ਆਖਿਆ, “ਇਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਾਹਵੇਹ ਦੇ ਭਵਨ ਦੇ ਕੰਮ ਦੇ ਮੁਖੀਏ ਹੋਣਗੇ ਅਤੇ ਛੇ ਹਜ਼ਾਰ ਅਧਿਕਾਰੀ ਅਤੇ ਨਿਆਂਕਾਰ ਹੋਣਗੇ।5ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਵੀਦ ਨੇ ਆਖਿਆ ਹੈ, ਯਾਹਵੇਹ ਦੀ ਉਸਤਤ ਲਈ ਬਣਾਏ ਸਨ।”
6ਦਾਵੀਦ ਨੇ ਲੇਵੀਆਂ ਨੂੰ ਲੇਵੀ ਦੇ ਪੁੱਤਰਾਂ ਦੇ ਅਨੁਸਾਰ ਵੰਡਿਆ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

ਗੇਰਸ਼ੋਨੀਆਂ ਦੇ ਲੋਕ

7ਗੇਰਸ਼ੋਨੀਆਂ ਦੇ ਸਨ: ਲਾਦਾਨ ਅਤੇ ਸ਼ਿਮਈ।8ਲਾਦਾਨ ਦੇ ਪੁੱਤਰ: ਯਹੀਏਲ ਪਹਿਲਾ, ਜ਼ੇਥਾਮ ਅਤੇ ਯੋਏਲ ਕੁੱਲ ਤਿੰਨ।9ਸ਼ਿਮਈ ਦੇ ਪੁੱਤਰ: ਸ਼ਲੋਮੀਥ, ਹਜ਼ੀਏਲ ਅਤੇ ਹਾਰਾਨ ਕੁੱਲ ਤਿੰਨ। (ਇਹ ਲਾਦਾਨ ਦੇ ਘਰਾਣਿਆਂ ਦੇ ਮੁਖੀ ਸਨ।)10ਅਤੇ ਸ਼ਿਮਈ ਦੇ ਪੁੱਤਰ: ਯਹਥ, ਜ਼ੀਜ਼ਾਹ, ਯਊਸ਼ ਅਤੇ ਬਰਿਯਾਹ। ਇਹ ਸ਼ਿਮਈ ਦੇ ਕੁੱਲ ਚਾਰ ਪੁੱਤਰ ਸਨ।11(ਯਹਥ ਪਹਿਲਾ ਅਤੇ ਜ਼ੀਜ਼ਾਹ ਦੂਜਾ ਸੀ, ਪਰ ਯਊਸ਼ ਅਤੇ ਬਰਿਯਾਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਹ ਇੱਕੋ ਪਰਿਵਾਰ ਵਿੱਚ ਇੱਕ ਕੰਮ ਕਰਕੇ ਗਿਣੇ ਗਏ।)

ਕੋਹਾਥੀ

12ਕੋਹਾਥ ਦੇ ਪੁੱਤਰ: ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ ਕੁੱਲ ਚਾਰ।13ਅਮਰਾਮ ਦੇ ਪੁੱਤਰ: ਹਾਰੋਨ ਅਤੇ ਮੋਸ਼ੇਹ। ਅਮਰਾਮ ਦੇ ਪੁੱਤਰ, ਹਾਰੋਨ ਤੇ ਮੋਸ਼ੇਹ, ਅਤੇ ਹਾਰੋਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਾਹਵੇਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।14ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ।15ਮੋਸ਼ੇਹ ਦੇ ਪੁੱਤਰ: ਗੇਰਸ਼ੋਮ ਅਤੇ ਅਲੀਅਜ਼ਰ।16ਗੇਰਸ਼ੋਮ ਦੇ ਪੁੱਤਰ: ਸ਼ੂਬਾਏਲ ਪਹਿਲਾ ਸੀ।17ਅਲੀਅਜ਼ਰ ਦੇ ਉੱਤਰਾਧਿਕਾਰੀ: ਰਹਾਬਯਾਹ ਪਹਿਲਾ ਸੀ। (ਅਲੀਅਜ਼ਰ ਦੇ ਹੋਰ ਕੋਈ ਪੁੱਤਰ ਨਹੀਂ ਸਨ, ਪਰ ਰਹਾਬਯਾਹ ਦੇ ਪੁੱਤਰ ਬਹੁਤ ਸਨ।)18ਇਜ਼ਹਾਰ ਦੇ ਪੁੱਤਰ: ਸ਼ਲੋਮੀਥ ਪਹਿਲਾ ਸੀ।19ਹੇਬਰੋਨ ਦੇ ਪੁੱਤਰ: ਪਹਿਲਾ ਯਿਰਯਾਹ, ਦੂਜਾ ਅਮਰਯਾਹ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।20ਉਜ਼ੀਏਲ ਦੇ ਪੁੱਤਰ: ਮੀਕਾਹ ਪਹਿਲਾ ਅਤੇ ਯਿੱਸ਼ੀਯਾਹ ਦੂਜਾ।

ਮੇਰਾਰੀ

21ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਮਹਲੀ ਦੇ ਪੁੱਤਰ: ਅਲਆਜ਼ਾਰ ਅਤੇ ਕੀਸ਼।22(ਅਲਆਜ਼ਾਰ ਬਿਨਾਂ ਪੁੱਤਰਾਂ ਦੇ ਹੀ ਮਰ ਗਿਆ ਅਤੇ ਉਸ ਦੀਆਂ ਸਿਰਫ ਧੀਆਂ ਸਨ। ਉਹਨਾਂ ਦੇ ਚਚੇਰੇ ਭਰਾਵਾਂ, ਕੀਸ਼ ਦੇ ਪੁੱਤਰਾਂ ਨੇ ਉਹਨਾਂ ਨਾਲ ਵਿਆਹ ਕੀਤਾ।)23ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੇਮੋਥ ਕੁੱਲ ਤਿੰਨ।
24ਇਹ ਲੇਵੀ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਦੇ ਅਨੁਸਾਰ ਸਨ, ਪਰਿਵਾਰਾਂ ਦੇ ਮੁਖੀਆਂ ਦੇ ਤੌਰ ਤੇ ਉਹਨਾਂ ਦੇ ਨਾਮ ਹੇਠ ਦਰਜ ਕੀਤੇ ਗਏ ਸਨ ਅਤੇ ਉਹਨਾਂ ਨੂੰ ਵੱਖਰੇ ਤੌਰ ਉੱਤੇ ਗਿਣਿਆ ਗਿਆ ਸੀ, ਅਰਥਾਤ, ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮੇ ਜਿਹੜੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਦੇ ਸਨ।25ਕਿਉਂਕਿ ਦਾਵੀਦ ਨੇ ਕਿਹਾ ਸੀ, “ਜਦੋਂ ਤੋਂ ਇਸਰਾਏਲ ਦੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਅਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯੇਰੂਸ਼ਲੇਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ,26ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ।”27ਦਾਵੀਦ ਦੀਆਂ ਆਖਰੀ ਹਦਾਇਤਾਂ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ।
28ਲੇਵੀਆਂ ਦਾ ਫਰਜ਼ ਇਹ ਸੀ ਕਿ ਉਹ ਹਾਰੋਨ ਦੇ ਉੱਤਰਾਧਿਕਾਰੀਆਂ ਦੀ ਯਾਹਵੇਹ ਦੇ ਭਵਨ ਦੀ ਸੇਵਾ ਵਿੱਚ ਸਹਾਇਤਾ ਕਰਨ: ਵਿਹੜਿਆਂ, ਪਾਸੇ ਦੇ ਕਮਰਿਆਂ ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨ ਅਰਥਾਤ ਪਰਮੇਸ਼ਵਰ ਦੇ ਘਰ ਵਿੱਚ ਹੋਰ ਕਰਤੱਵਾਂ ਦੀ ਕਾਰਗੁਜ਼ਾਰੀ ਕਰਨ।29ਚੜਾਵੇ ਦੀ ਰੋਟੀ, ਅੰਨ ਬਲੀ ਦੇ ਮੈਦੇ, ਪਤੀਰਿਆਂ ਫੁਲਕਿਆਂ, ਤਵੇ ਉੱਤੇ ਪਕਾਈਆਂ ਹੋਈਆਂ ਰੋਟੀਆਂ, ਪੂਰੀਆਂ ਦੇ ਲਈ ਅਤੇ ਹਰ ਤਰ੍ਹਾਂ ਦੀ ਮਿਣਤੀ ਲਈ30ਅਤੇ ਹਰ ਰੋਜ਼ ਸਵੇਰ ਦੇ ਵੇਲੇ ਖੜੇ ਹੋ ਕੇ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰਨ ਅਤੇ ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਕਰਨ31ਅਤੇ ਸਬਤਾਂ ਤੇ ਅਮੱਸਿਆ ਤੇ ਠਹਿਰਾਏ ਹੋਏ ਪਰਬਾਂ ਦੇ ਸਮਿਆਂ ਉੱਤੇ ਜਿਨ੍ਹਾਂ ਦੀ ਗਿਣਤੀ ਹੁਕਮਨਾਮੇ ਅਨੁਸਾਰ ਹੈ, ਉਹ ਯਾਹਵੇਹ ਲਈ ਸਾਰੀਆਂ ਹੋਮ ਬਲੀਆਂ ਨੂੰ ਨੇਮ ਦੇ ਅਨੁਸਾਰ ਹਰ ਰੋਜ਼ ਯਾਹਵੇਹ ਦੇ ਹਜ਼ੂਰ ਚੜਾਇਆ ਕਰਨ।
32ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਅਤੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਅਤੇ ਆਪਣੇ ਭਰਾਵਾਂ ਹਾਰੋਨ ਦੇ ਪੁੱਤਰਾਂ ਦੀ ਜ਼ਿੰਮੇਵਾਰੀ ਯਾਹਵੇਹ ਦੇ ਭਵਨ ਦੀ ਉਪਾਸਨਾ ਲਈ ਉਠਾਉਣ।

Biblica, Inc.

https://app.library.bible/content/38de522697cd8943