ਨਹਮਯਾਹ4
ਪੁਨਰ ਨਿਰਮਾਣ ਦਾ ਵਿਰੋਧ
1ਜਦੋਂ ਸਨਬੱਲਟ ਨੇ ਸੁਣਿਆ ਕਿ ਅਸੀਂ ਕੰਧ ਨੂੰ ਦੁਬਾਰਾ ਬਣਾ ਰਹੇ ਹਾਂ, ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਬਹੁਤ ਗੁੱਸੇ ਹੋਇਆ। ਉਸ ਨੇ ਯਹੂਦੀਆਂ ਦਾ ਮਜ਼ਾਕ ਉਡਾਇਆ,2ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੇ ਸਾਹਮਣੇ ਕਿਹਾ, “ਇਹ ਨਿਰਬਲ ਯਹੂਦੀ ਕੀ ਕਰ ਰਹੇ ਹਨ? ਕੀ ਉਹ ਆਪਣੀਆਂ ਕੰਧਾਂ ਨੂੰ ਮਜ਼ਬੂਤ ਕਰਨਗੇ? ਕੀ ਉਹ ਬਲੀਆਂ ਚੜ੍ਹਾਉਣਗੇ? ਕੀ ਉਹ ਇੱਕ ਹੀ ਦਿਨ ਵਿੱਚ ਸਭ ਕੁਝ ਬਣਾ ਲੈਣਗੇ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫਿਰ ਨਵਾਂ ਬਣਾ ਲੈਣਗੇ?”3ਫਿਰ ਤੋਬਿਆਹ ਅੰਮੋਨੀ ਨੇ ਜੋ ਉਸ ਦੇ ਨਾਲ ਸੀ, ਕਹਿਣ ਲੱਗਾ, “ਜੋ ਕੁਝ ਇਹ ਬਣਾ ਰਹੇ ਹਨ ਜੇ ਇੱਕ ਲੂੰਬੜੀ ਵੀ ਇਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਵੇਗੀ!”4ਹੇ ਸਾਡੇ ਪਰਮੇਸ਼ਵਰ, ਸਾਡੀ ਸੁਣ ਕਿਉਂ ਜੋ ਸਾਡਾ ਨਿਰਾਦਰ ਹੁੰਦਾ ਹੈ। ਉਹਨਾਂ ਦੀ ਇਸ ਨਿੰਦਿਆ ਨੂੰ ਮੁੜ ਉਹਨਾਂ ਦੇ ਸਿਰ ਉੱਤੇ ਮੋੜ ਦੇ, ਅਤੇ ਗ਼ੁਲਾਮੀ ਦੇ ਦੇਸ਼ ਵਿੱਚ ਉਹਨਾਂ ਨੂੰ ਲੁੱਟ ਦਾ ਮਾਲ ਬਣਾ ਦੇ।5ਉਹਨਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਹਨਾਂ ਦੇ ਪਾਪ ਤੇਰੇ ਸਾਹਮਣਿਓਂ ਨਾ ਮਿਟਣ, ਕਿਉਂ ਜੋ ਉਹਨਾਂ ਨੇ ਤੇਰੇ ਕ੍ਰੋਧ ਨੂੰ ਕਾਰੀਗਰਾਂ ਦੇ ਅੱਗੇ ਭੜਕਾਇਆ ਹੈ।6ਇਸ ਲਈ ਅਸੀਂ ਕੰਧ ਨੂੰ ਉਦੋਂ ਤੱਕ ਦੁਬਾਰਾ ਬਣਾਇਆ ਜਦੋਂ ਤੱਕ ਕਿ ਇਹ ਅੱਧੀ ਉਚਾਈ ਤੱਕ ਨਾ ਪਹੁੰਚ ਗਈ, ਕਿਉਂਕਿ ਲੋਕਾਂ ਨੇ ਆਪਣੇ ਪੂਰੇ ਦਿਲ ਨਾਲ ਕੰਮ ਕੀਤਾ ਸੀ।7ਪਰ ਜਦੋਂ ਸਨਬੱਲਟ, ਤੋਬਿਆਹ, ਅਰਬੀਆਂ, ਅੰਮੋਨੀਆਂ ਅਤੇ ਅਸ਼ਦੋਦ ਦੇ ਲੋਕਾਂ ਨੇ ਸੁਣਿਆ ਕਿ ਯੇਰੂਸ਼ਲੇਮ ਦੀਆਂ ਕੰਧਾਂ ਦੀ ਮੁਰੰਮਤ ਦਾ ਕੰਮ ਅੱਗੇ ਵਧਿਆ ਹੈ ਅਤੇ ਦਰਾਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਤਾਂ ਉਹ ਬਹੁਤ ਗੁੱਸੇ ਹੋ ਗਏ।8ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਯੇਰੂਸ਼ਲੇਮ ਦੇ ਵਿਰੁੱਧ ਲੜਨ ਅਤੇ ਉਸ ਦੇ ਵਿਰੁੱਧ ਮੁਸੀਬਤ ਪੈਦਾ ਕਰਨ ਦੀ ਯੋਜਨਾ ਬਣਾਈ।9ਪਰ ਅਸੀਂ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾਂ ਕੀਤੀ ਅਤੇ ਇਸ ਖਤਰੇ ਨੂੰ ਪੂਰਾ ਕਰਨ ਲਈ ਦਿਨ ਰਾਤ ਪਹਿਰੇਦਾਰ ਤਾਇਨਾਤ ਕੀਤੇ।10ਇਸ ਦੌਰਾਨ, ਯਹੂਦਾਹ ਦੇ ਲੋਕਾਂ ਨੇ ਕਿਹਾ, “ਮਜ਼ਦੂਰਾਂ ਦਾ ਬਲ ਘੱਟਦਾ ਜਾਂਦਾ ਹੈ, ਅਤੇ ਇੱਥੇ ਇੰਨਾ ਮਲਬਾ ਹੈ ਕਿ ਅਸੀਂ ਕੰਧ ਨੂੰ ਦੁਬਾਰਾ ਨਹੀਂ ਬਣਾ ਸਕਦੇ।”11ਅਤੇ ਸਾਡੇ ਦੁਸ਼ਮਣਾਂ ਨੇ ਕਿਹਾ, “ਇਸ ਤੋਂ ਪਹਿਲਾਂ ਕਿ ਉਹ ਇਹ ਜਾਣ ਲੈਣ ਜਾਂ ਸਾਨੂੰ ਵੇਖਣ, ਅਸੀਂ ਉਹਨਾਂ ਦੇ ਵਿਚਕਾਰ ਹੋਵਾਂਗੇ ਅਤੇ ਉਹਨਾਂ ਨੂੰ ਮਾਰ ਦੇਵਾਂਗੇ ਅਤੇ ਕੰਮ ਨੂੰ ਖਤਮ ਕਰ ਦੇਵਾਂਗੇ।”12ਫਿਰ ਅਜਿਹਾ ਹੋਇਆ ਕਿ ਜੋ ਯਹੂਦੀ ਜਿਹੜੇ ਉਹਨਾਂ ਦੇ ਨੇੜੇ-ਤੇੜੇ ਵੱਸਦੇ ਸਨ, ਉਹਨਾਂ ਨੇ ਆ ਕੇ ਸਾਨੂੰ ਦਸ ਵਾਰੀ ਦੱਸਿਆ, “ਉਹ ਸਾਰੀਆਂ ਥਾਵਾਂ ਵਿੱਚੋਂ ਸਾਡੇ ਉੱਤੇ ਹਮਲਾ ਕਰਨਗੇ।”13ਇਸ ਕਰਕੇ ਮੈਂ ਲੋਕਾਂ ਨੂੰ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਤਲਵਾਰਾਂ, ਬਰਛੀਆਂ ਅਤੇ ਤੀਰ-ਕਮਾਨਾਂ ਨਾਲ ਸ਼ਹਿਰਪਨਾਹ ਦੇ ਪਿੱਛੇ ਸਭ ਤੋਂ ਨੀਵੇਂ ਸਥਾਨਾਂ ਵਿੱਚ ਖੁੱਲ੍ਹੇ ਸਥਾਨਾਂ ਤੇ ਖੜ੍ਹਾ ਕੀਤਾ।14ਤਦ ਮੈਂ ਸਭ ਕੁਝ ਵੇਖ ਕੇ ਉੱਠਿਆ ਅਤੇ ਸਾਮੰਤਾਂ ਅਤੇ ਹਾਕਮਾਂ ਅਤੇ ਬਾਕੀ ਸਾਰੇ ਲੋਕਾਂ ਨੂੰ ਕਿਹਾ, “ਉਹਨਾਂ ਤੋਂ ਨਾ ਡਰੋ, ਯਾਹਵੇਹ ਨੂੰ ਜੋ ਮਹਾਨ ਅਤੇ ਭੈਅ ਯੋਗ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ।”15ਜਦੋਂ ਸਾਡੇ ਦੁਸ਼ਮਣਾਂ ਨੇ ਸੁਣਿਆ ਕਿ ਅਸੀਂ ਉਹਨਾਂ ਦੀ ਸਾਜ਼ਿਸ਼ ਤੋਂ ਜਾਣੂ ਸੀ ਅਤੇ ਪਰਮੇਸ਼ਵਰ ਨੇ ਉਨ੍ਹਾਂ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਹੈ, ਤਾਂ ਅਸੀਂ ਸਾਰੇ ਆਪਣੇ-ਆਪਣੇ ਕੰਮ ਲਈ ਕੰਧ ਵੱਲ ਵਾਪਸ ਮੁੜ ਗਏ।16ਫਿਰ ਉਸ ਦਿਨ ਤੋਂ ਮੇਰੇ ਅੱਧੇ ਜੁਆਨ ਤਾਂ ਕੰਮ ਵਿੱਚ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ, ਢਾਲ਼ਾਂ ਤੇ ਕਮਾਨਾਂ ਲੈ ਕੇ ਅਤੇ ਸ਼ਸਤਰ ਪਾ ਕੇ ਰਹਿੰਦੇ ਸਨ ਅਤੇ ਹਾਕਮ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਰਹਿੰਦੇ ਸਨ,17ਉਹ ਜਿਹੜੇ ਸ਼ਹਿਰਪਨਾਹ ਬਣਾਉਂਦੇ ਸਨ ਅਤੇ ਉਹ ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਹਥਿਆਰ ਫੜ੍ਹੀ ਰੱਖਦੇ ਸਨ,18ਅਤੇ ਹਰ ਇੱਕ ਬਣਾਉਣ ਵਾਲੇ ਨੇ ਆਪਣੀ ਤਲਵਾਰ ਆਪਣੇ ਨਾਲ ਬੰਨ੍ਹੀ ਹੋਈ ਸੀ ਜਦੋਂ ਉਹ ਕੰਮ ਕਰਦਾ ਸੀ। ਪਰ ਤੁਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਕੋਲ ਰਹਿੰਦਾ ਸੀ।19ਇਸ ਲਈ ਮੈਂ ਸਾਮੰਤਾਂ, ਹਾਕਮਾਂ ਅਤੇ ਬਾਕੀ ਦੇ ਸਾਰੇ ਲੋਕਾਂ ਨੂੰ ਕਿਹਾ, “ਕੰਮ ਬਹੁਤ ਹੈ ਅਤੇ ਫੈਲਿਆ ਹੋਇਆ ਹੈ ਅਤੇ ਅਸੀਂ ਸਾਰੇ ਸ਼ਹਿਰਪਨਾਹ ਉੱਤੇ ਖਿੱਲਰੇ ਹੋਏ ਹਾਂ ਅਤੇ ਇੱਕ-ਦੂਜੇ ਤੋਂ ਦੂਰ ਹਾਂ।20ਜਿੱਥੇ ਵੀ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣਦੇ ਹੋ, ਉੱਥੇ ਸਾਡੇ ਨਾਲ ਜੁੜੋ। ਸਾਡਾ ਪਰਮੇਸ਼ਵਰ ਸਾਡੇ ਲਈ ਲੜੇਗਾ!”21ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਅਤੇ ਉਨ੍ਹਾਂ ਵਿੱਚੋਂ ਅੱਧੇ ਸੂਰਜ ਚੜ੍ਹਨ ਤੋਂ ਲੈ ਕੇ ਤਾਰਿਆਂ ਦੇ ਵਿਖਾਈ ਦੇਣ ਤੱਕ ਬਰਛੀਆਂ ਫੜ੍ਹੀ ਰੱਖਦੇ ਸਨ।22ਉਸ ਸਮੇਂ ਮੈਂ ਲੋਕਾਂ ਨੂੰ ਇਹ ਵੀ ਕਿਹਾ ਸੀ, “ਹਰੇਕ ਆਦਮੀ ਅਤੇ ਉਸਦੇ ਸਹਾਇਕ ਨੂੰ ਰਾਤ ਨੂੰ ਯੇਰੂਸ਼ਲੇਮ ਵਿੱਚ ਰਹਿਣ ਦਿਓ, ਤਾਂ ਜੋ ਉਹ ਰਾਤ ਨੂੰ ਪਹਿਰੇਦਾਰਾਂ ਵਜੋਂ ਅਤੇ ਦਿਨ ਨੂੰ ਮਜ਼ਦੂਰਾਂ ਵਜੋਂ ਸਾਡੀ ਸੇਵਾ ਕਰ ਸਕਣ।”23ਇਸ ਤਰ੍ਹਾਂ ਨਾ ਤਾਂ ਮੈਂ ਆਪਣੇ ਕੱਪੜੇ ਲਾਹੁੰਦਾ ਸੀ, ਨਾ ਮੇਰੇ ਭਰਾ, ਨਾ ਮੇਰੇ ਜੁਆਨ ਅਤੇ ਨਾ ਉਹ ਲੋਕ ਜਿਹੜੇ ਰਾਖੀ ਕਰਨ ਲਈ ਮੇਰੇ ਨਾਲ ਸਨ, ਆਪਣੇ ਕੱਪੜੇ ਲਾਹੁੰਦੇ ਸਨ, ਇੱਥੋਂ ਤੱਕ ਕਿ ਹਰ ਇੱਕ ਮਨੁੱਖ ਪਾਣੀ ਲੈਣ ਲਈ ਵੀ ਆਪਣੇ ਹਥਿਆਰ ਨਾਲ ਰੱਖਦਾ ਸੀ।Biblica, Inc.