ਨਹਮਯਾਹ2

ਅਰਤਹਸ਼ਸ਼ਤਾ ਨੇ ਨਹਮਯਾਹ ਨੂੰ ਯੇਰੂਸ਼ਲੇਮ ਭੇਜਿਆ

1ਅਰਤਹਸ਼ਸ਼ਤਾ ਰਾਜੇ ਦੇ ਵੀਹਵੇਂ ਸਾਲ ਨੀਸਾਨ ਦੇ ਮਹੀਨੇ, ਜਦੋਂ ਉਸ ਦੇ ਲਈ ਦਾਖ਼ਰਸ ਲਿਆਂਦੀ ਗਈ, ਮੈਂ ਦਾਖ਼ਰਸ ਲੈ ਕੇ ਰਾਜੇ ਨੂੰ ਦਿੱਤੀ। ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ,2ਤਾਂ ਰਾਜੇ ਨੇ ਮੈਨੂੰ ਪੁੱਛਿਆ, “ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਚਿਹਰਾ ਇੰਨਾ ਉਦਾਸ ਕਿਉਂ ਹੈ? ਇਹ ਦਿਲ ਦੀ ਉਦਾਸੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ।”
ਮੈਂ ਬਹੁਤ ਡਰਿਆ ਹੋਇਆ ਸੀ,
3ਪਰ ਮੈਂ ਰਾਜੇ ਨੂੰ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਮੇਰਾ ਚਿਹਰਾ ਉਦਾਸ ਕਿਉਂ ਨਾ ਹੋਵੇ ਜਦੋਂ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਨੂੰ ਦਫ਼ਨਾਇਆ ਗਿਆ ਸੀ ਤਬਾਹ ਹੋ ਗਿਆ ਹੈ ਅਤੇ ਉਸ ਦੇ ਦਰਵਾਜ਼ੇ ਅੱਗ ਨਾਲ ਸੜ ਚੁੱਕੇ ਹਨ?”
4ਰਾਜੇ ਨੇ ਮੈਨੂੰ ਕਿਹਾ, “ਤੂੰ ਕੀ ਚਾਹੁੰਦਾ ਹੈ?”
ਤਦ ਮੈਂ ਸਵਰਗ ਦੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ,
5ਅਤੇ ਮੈਂ ਰਾਜੇ ਨੂੰ ਉੱਤਰ ਦਿੱਤਾ, “ਜੇਕਰ ਰਾਜੇ ਨੂੰ ਚੰਗਾ ਲੱਗਦਾ ਹੈ ਅਤੇ ਜੇ ਤੁਹਾਡੇ ਸੇਵਕ ਨੇ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੋਵੇ, ਤਾਂ ਤੁਸੀਂ ਮੈਨੂੰ ਯਹੂਦਾਹ ਦੇ ਉਸ ਸ਼ਹਿਰ ਵਿੱਚ ਭੇਜ ਦਿਓ ਜਿੱਥੇ ਮੇਰੇ ਪੁਰਖੇ ਦਫ਼ਨਾਏ ਗਏ ਹਨ ਤਾਂ ਜੋ ਮੈਂ ਇਸ ਨੂੰ ਦੁਬਾਰਾ ਬਣਾ ਸਕਾਂ।”
6ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, “ਤੇਰਾ ਸਫ਼ਰ ਕਿੰਨੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ?” ਤਦ ਮੈਨੂੰ ਭੇਜਣਾ ਰਾਜੇ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ।
7ਫਿਰ ਮੈਂ ਰਾਜੇ ਨੂੰ ਕਿਹਾ, “ਜੇਕਰ ਰਾਜੇ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ?8ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖ਼ਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ।” ਅਤੇ ਕਿਉਂਕਿ ਮੇਰੇ ਪਰਮੇਸ਼ਵਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਰਾਜੇ ਨੇ ਮੇਰੀ ਬੇਨਤੀ ਮੰਨ ਲਈ।9ਇਸ ਲਈ ਮੈਂ ਦਰਿਆ ਪਾਰ ਦੇ ਰਾਜਪਾਲਾਂ ਕੋਲ ਗਿਆ ਅਤੇ ਉਹਨਾਂ ਨੂੰ ਰਾਜੇ ਦੀਆਂ ਸ਼ਾਹੀ ਚਿੱਠੀਆਂ ਦਿੱਤੀਆਂ। ਰਾਜੇ ਨੇ ਮੇਰੇ ਨਾਲ ਫ਼ੌਜੀ ਅਫ਼ਸਰ ਅਤੇ ਘੋੜਸਵਾਰ ਵੀ ਭੇਜੇ ਸਨ।
10ਜਦੋਂ ਹੋਰੋਨੀ ਸਨਬੱਲਟ ਅਤੇ ਅੰਮੋਨੀ ਅਧਿਕਾਰੀ ਤੋਬਿਆਹ ਨੇ ਇਸ ਬਾਰੇ ਸੁਣਿਆ, ਤਾਂ ਉਹ ਬਹੁਤ ਦੁਖੀ ਹੋਏ ਕਿ ਕੋਈ ਇਸਰਾਏਲੀਆਂ ਦੀ ਭਲਾਈ ਲਈ ਆਇਆ ਹੈ।

ਨੇਹੇਮਿਆਹ ਦੁਆਰਾ ਯੇਰੂਸ਼ਲੇਮ ਦੀਆਂ ਕੰਧਾਂ ਦਾ ਮੁਆਇਨਾ

11ਮੈਂ ਯੇਰੂਸ਼ਲੇਮ ਨੂੰ ਗਿਆ ਅਤੇ ਤਾਂ ਤਿੰਨ ਦਿਨ ਉੱਥੇ ਰਿਹਾ,12ਮੈਂ ਕੁਝ ਹੋਰਾਂ ਨਾਲ ਰਾਤ ਨੂੰ ਚੱਲ ਪਿਆ। ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਸੀ ਕਿ ਮੇਰੇ ਪਰਮੇਸ਼ਵਰ ਨੇ ਯੇਰੂਸ਼ਲੇਮ ਲਈ ਮੇਰੇ ਦਿਲ ਵਿੱਚ ਕੀ ਰੱਖਿਆ ਸੀ। ਮੇਰੀ ਸਵਾਰੀ ਦੇ ਪਸ਼ੂ ਤੋਂ ਇਲਾਵਾ ਮੇਰੇ ਨਾਲ ਕੋਈ ਪਸ਼ੂ ਨਹੀਂ ਸੀ।
13ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਅਜਗਰ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯੇਰੂਸ਼ਲੇਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਸੜੇ ਹੋਏ ਫਾਟਕਾਂ ਨੂੰ ਵੇਖਿਆ।14ਫਿਰ ਮੈਂ ਅੱਗੇ ਲੰਘ ਕੇ ਚਸ਼ਮੇ ਦੇ ਫਾਟਕ ਅਤੇ ਰਾਜੇ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ;15ਇਸ ਲਈ ਮੈਂ ਰਾਤ ਨੂੰ ਵਾਦੀ ਵਿੱਚ ਚੜ੍ਹ ਕੇ ਕੰਧ ਦੀ ਜਾਂਚ ਕੀਤੀ। ਅੰਤ ਵਿੱਚ, ਮੈਂ ਵਾਪਸ ਮੁੜਿਆ ਅਤੇ ਵਾਦੀ ਦੇ ਗੇਟ ਰਾਹੀਂ ਦੁਬਾਰਾ ਦਾਖਲ ਹੋ ਗਿਆ।16ਅਧਿਅਕਾਰੀਆਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ।
17ਫਿਰ ਮੈਂ ਉਹਨਾਂ ਨੂੰ ਕਿਹਾ, “ਤੁਸੀਂ ਦੇਖਦੇ ਹੋ ਕਿ ਅਸੀਂ ਕਿਸ ਮੁਸੀਬਤ ਵਿੱਚ ਹਾਂ: ਯੇਰੂਸ਼ਲੇਮ ਤਬਾਹ ਹੋ ਗਿਆ ਹੈ, ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ, ਅਸੀਂ ਯੇਰੂਸ਼ਲੇਮ ਦੀ ਕੰਧ ਨੂੰ ਦੁਬਾਰਾ ਬਣਾਈਏ ਅਤੇ ਅਸੀਂ ਹੁਣ ਬਦਨਾਮੀ ਵਿੱਚ ਨਹੀਂ ਰਹਾਂਗੇ।”18ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹੈ ਅਤੇ ਰਾਜੇ ਨੇ ਮੈਨੂੰ ਕੀ ਕਿਹਾ ਸੀ।
ਉਹਨਾਂ ਨੇ ਜਵਾਬ ਦਿੱਤਾ, “ਆਓ ਆਪਾਂ ਦੁਬਾਰਾ ਉਸਾਰੀ ਸ਼ੁਰੂ ਕਰੀਏ।” ਇਸ ਲਈ ਉਹਨਾਂ ਨੇ ਇਹ ਚੰਗਾ ਕੰਮ ਸ਼ੁਰੂ ਕੀਤਾ।
19ਜਦ ਸਨਬੱਲਟ ਹੋਰੋਨੀ, ਤੋਬਿਆਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗੇਸ਼ਮ ਨੇ ਇਹ ਸੁਣਿਆ ਤਾਂ ਉਹਨਾਂ ਨੇ ਸਾਡਾ ਮਖ਼ੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, “ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ? ਕੀ ਤੁਸੀਂ ਰਾਜੇ ਦੇ ਵਿਰੁੱਧ ਹੋ ਜਾਓਗੇ?”
20ਮੈਂ ਉਹਨਾਂ ਨੂੰ ਇਹ ਕਹਿ ਕੇ ਉੱਤਰ ਦਿੱਤਾ, “ਸਵਰਗ ਦਾ ਪਰਮੇਸ਼ਵਰ ਸਾਨੂੰ ਸਫ਼ਲਤਾ ਦੇਵੇਗਾ। ਅਸੀਂ ਉਸਦੇ ਸੇਵਕ ਦੁਬਾਰਾ ਉਸਾਰਨਾ ਸ਼ੁਰੂ ਕਰਾਂਗੇ, ਪਰ ਤੁਹਾਡੇ ਲਈ, ਯੇਰੂਸ਼ਲੇਮ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ ਜਾਂ ਇਸ ਉੱਤੇ ਕੋਈ ਦਾਅਵਾ ਜਾਂ ਇਤਿਹਾਸਕ ਅਧਿਕਾਰ ਨਹੀਂ ਹੈ।”

Biblica, Inc.

https://app.library.bible/content/38de522697cd8943