ਨਹਮਯਾਹ13
ਨਹਮਯਾਹ ਦੇ ਅੰਤਿਮ ਸੁਧਾਰ
1ਉਸ ਦਿਨ ਮੋਸ਼ੇਹ ਦੀ ਪੋਥੀ ਲੋਕਾਂ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਈ ਗਈ ਅਤੇ ਉੱਥੇ ਇਹ ਲਿਖਿਆ ਹੋਇਆ ਪਾਇਆ ਗਿਆ ਕਿ ਕਿਸੇ ਅੰਮੋਨੀ ਜਾਂ ਮੋਆਬੀ ਨੂੰ ਕਦੇ ਵੀ ਪਰਮੇਸ਼ਵਰ ਦੀ ਸਭਾ ਵਿੱਚ ਦਾਖਲ ਨਾ ਕੀਤਾ ਜਾਵੇ।2ਕਿਉਂਕਿ ਉਹ ਇਸਰਾਏਲੀਆਂ ਨੂੰ ਭੋਜਨ ਅਤੇ ਪਾਣੀ ਲੈ ਕੇ ਨਹੀਂ ਮਿਲੇ ਸਨ ਪਰ ਬਿਲਆਮ ਨੂੰ ਉਹਨਾਂ ਉੱਤੇ ਸਰਾਪ ਦੇਣ ਲਈ ਕਿਰਾਏ ਤੇ ਲਿਆਏ ਸਨ। (ਹਾਲਾਂਕਿ, ਸਾਡੇ ਪਰਮੇਸ਼ਵਰ ਨੇ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ।)3ਜਦੋਂ ਲੋਕਾਂ ਨੇ ਇਹ ਬਿਵਸਥਾ ਸੁਣੀ, ਤਾਂ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਇਸਰਾਏਲ ਵਿੱਚੋਂ ਬਾਹਰ ਕਰ ਦਿੱਤਾ ਜੋ ਵਿਦੇਸ਼ੀ ਮੂਲ ਦੇ ਸਨ।4ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ਵਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਤੋਬਿਆਹ ਦਾ ਰਿਸ਼ਤੇਦਾਰ ਸੀ,5ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ।6ਪਰ ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਮੈਂ ਯੇਰੂਸ਼ਲੇਮ ਵਿੱਚ ਨਹੀਂ ਸੀ ਕਿਉਂਕਿ ਮੈਂ ਬਾਬੇਲ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਬਤੀਹਵੇਂ ਵਰ੍ਹੇ ਵਿੱਚ ਪਾਤਸ਼ਾਹ ਕੋਲ ਮੁੜ ਆਇਆ ਸੀ। ਕੁਝ ਸਮੇਂ ਬਾਅਦ ਮੈਂ ਉਸ ਤੋਂ ਆਗਿਆ ਮੰਗੀ7ਅਤੇ ਯੇਰੂਸ਼ਲੇਮ ਵਾਪਸ ਆ ਗਿਆ। ਇੱਥੇ ਮੈਨੂੰ ਉਸ ਬੁਰਿਆਈ ਬਾਰੇ ਪਤਾ ਲੱਗਾ ਕਿ ਅਲਯਾਸ਼ੀਬ ਨੇ ਤੋਬਿਆਹ ਨੂੰ ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਇੱਕ ਕਮਰਾ ਦੇ ਕੇ ਕੀਤੀ ਸੀ।8ਮੈਂ ਬਹੁਤ ਨਾਰਾਜ਼ ਹੋਇਆ ਅਤੇ ਤੋਬਿਆਹ ਦੇ ਘਰ ਦਾ ਸਾਰਾ ਸਮਾਨ ਕਮਰੇ ਵਿੱਚੋਂ ਬਾਹਰ ਸੁੱਟ ਦਿੱਤਾ।9ਮੈਂ ਕਮਰਿਆਂ ਨੂੰ ਸ਼ੁੱਧ ਕਰਨ ਦਾ ਹੁਕਮ ਦਿੱਤਾ ਅਤੇ ਫਿਰ ਮੈਂ ਉਹਨਾਂ ਵਿੱਚ ਪਰਮੇਸ਼ਵਰ ਦੇ ਭਵਨ ਦਾ ਸਾਮਾਨ, ਅਨਾਜ਼ ਦੀਆਂ ਭੇਟਾਂ ਅਤੇ ਧੂਪਾਂ ਸਮੇਤ ਵਾਪਸ ਪਾ ਦਿੱਤਾ।10ਮੈਨੂੰ ਇਹ ਵੀ ਪਤਾ ਲੱਗਾ ਕਿ ਲੇਵੀਆਂ ਨੂੰ ਦਿੱਤੇ ਗਏ ਹਿੱਸੇ ਉਹਨਾਂ ਨੂੰ ਨਹੀਂ ਦਿੱਤੇ ਗਏ ਸਨ, ਅਤੇ ਸੇਵਾ ਲਈ ਜ਼ਿੰਮੇਵਾਰ ਸਾਰੇ ਲੇਵੀਆਂ ਅਤੇ ਸੰਗੀਤਕਾਰ ਆਪਣੇ-ਆਪਣੇ ਖੇਤਾਂ ਨੂੰ ਵਾਪਸ ਚਲੇ ਗਏ ਸਨ।11ਇਸ ਲਈ ਮੈਂ ਅਧਿਕਾਰੀਆਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਪੁੱਛਿਆ, “ਪਰਮੇਸ਼ਵਰ ਦੇ ਘਰ ਦੀ ਅਣਦੇਖੀ ਕਿਉਂ ਕੀਤੀ ਗਈ ਹੈ?” ਫਿਰ ਮੈਂ ਉਹਨਾਂ ਨੂੰ ਇਕੱਠੇ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਸਥਾਨ ਤੇ ਤਾਇਨਾਤ ਕੀਤਾ।12ਸਾਰੇ ਯਹੂਦਾਹ ਨੇ ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਂਦਾ।13ਫਿਰ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਸ਼ਾਸਤਰੀ ਨੂੰ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਨ੍ਹਾਂ ਦੇ ਹੇਠ ਹਨਾਨ ਨੂੰ ਜੋ ਮੱਤਨਯਾਹ ਦਾ ਪੋਤਾ ਅਤੇ ਜ਼ੱਕੂਰ ਦਾ ਪੁੱਤਰ ਸੀ, ਨਿਯੁਕਤ ਕੀਤਾ, ਕਿਉਂਕਿ ਉਹ ਇਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਹਨਾਂ ਦਾ ਕੰਮ ਸੀ।14ਮੇਰੇ ਪਰਮੇਸ਼ਵਰ, ਇਸ ਲਈ ਮੈਨੂੰ ਯਾਦ ਰੱਖੋ, ਅਤੇ ਜੋ ਮੈਂ ਆਪਣੇ ਪਰਮੇਸ਼ਵਰ ਦੇ ਘਰ ਅਤੇ ਇਸ ਦੀਆਂ ਸੇਵਾਵਾਂ ਲਈ ਇੰਨੀ ਵਫ਼ਾਦਾਰੀ ਨਾਲ ਕੀਤਾ ਹੈ, ਉਸ ਨੂੰ ਨਾ ਮਿਟਾਈ।15ਉਹਨਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਚੁਬੱਚੇ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਦਾਖ਼ਰਸ, ਅੰਗੂਰ, ਹੰਜੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯੇਰੂਸ਼ਲੇਮ ਦੇ ਅੰਦਰ ਲਿਆਉਂਦੇ ਸਨ। ਇਸ ਲਈ ਮੈਂ ਉਹਨਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ।16ਸੂਰ ਦੇ ਲੋਕ ਜੋ ਯੇਰੂਸ਼ਲੇਮ ਵਿੱਚ ਰਹਿੰਦੇ ਸਨ, ਸਬਤ ਦੇ ਦਿਨ ਯੇਰੂਸ਼ਲੇਮ ਵਿੱਚ ਮੱਛੀਆਂ ਅਤੇ ਹਰ ਕਿਸਮ ਦਾ ਵਪਾਰ ਲਿਆਉਂਦੇ ਸਨ ਅਤੇ ਯਹੂਦਾਹ ਦੇ ਲੋਕਾਂ ਨੂੰ ਵੇਚਦੇ ਸਨ।17ਮੈਂ ਯਹੂਦਾਹ ਦੇ ਸਰਦਾਰਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, “ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ?18ਕੀ ਤੁਹਾਡੇ ਪੁਰਖਿਆਂ ਨੇ ਵੀ ਇਹੋ ਕੁਝ ਨਹੀਂ ਕੀਤਾ ਸੀ, ਕਿ ਸਾਡੇ ਪਰਮੇਸ਼ਵਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਲਿਆਂਦੀ? ਹੁਣ ਤੁਸੀਂ ਸਬਤ ਦੇ ਦਿਨ ਦੀ ਬੇਅਦਬੀ ਕਰਕੇ ਇਸਰਾਏਲ ਦੇ ਵਿਰੁੱਧ ਹੋਰ ਕ੍ਰੋਧ ਭੜਕਾਉਂਦੇ ਹੋ।”19ਜਦੋਂ ਸਬਤ ਦੇ ਦਿਨ ਤੋਂ ਪਹਿਲਾਂ ਸ਼ਾਮ ਦੇ ਪਰਛਾਵੇਂ ਯੇਰੂਸ਼ਲੇਮ ਦੇ ਦਰਵਾਜ਼ਿਆਂ ਉੱਤੇ ਪੈ ਗਏ, ਤਾਂ ਮੈਂ ਦਰਵਾਜ਼ੇ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਸਬਤ ਦਾ ਦਿਨ ਪੂਰਾ ਹੋਣ ਤੱਕ ਨਾ ਖੋਲ੍ਹਿਆ ਜਾਵੇ। ਮੈਂ ਆਪਣੇ ਕੁਝ ਬੰਦਿਆਂ ਨੂੰ ਦਰਵਾਜ਼ਿਆਂ ਉੱਤੇ ਠਹਿਰਾਇਆ ਤਾਂ ਜੋ ਸਬਤ ਦੇ ਦਿਨ ਕੋਈ ਬੋਝ ਅੰਦਰ ਨਾ ਲਿਆਂਦਾ ਜਾਵੇਂ।20ਇੱਕ ਜਾਂ ਦੋ ਵਾਰ ਵਪਾਰੀਆਂ ਅਤੇ ਹਰ ਕਿਸਮ ਦਾ ਮਾਲ ਵੇਚਣ ਵਾਲਿਆਂ ਨੇ ਯੇਰੂਸ਼ਲੇਮ ਦੇ ਬਾਹਰ ਰਾਤ ਕੱਟੀ।21ਪਰ ਮੈਂ ਉਹਨਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ, “ਤੁਸੀਂ ਕੰਧ ਕੋਲ ਰਾਤ ਕਿਉਂ ਬਿਤਾਉਂਦੇ ਹੋ? ਜੇ ਤੁਸੀਂ ਫਿਰ ਅਜਿਹਾ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ!” ਉਸ ਸਮੇਂ ਤੋਂ ਉਹ ਫਿਰ ਸਬਤ ਦੇ ਦਿਨ ਨਹੀਂ ਆਏ।22ਤਦ ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਆਪ ਨੂੰ ਸ਼ੁੱਧ ਕਰਨ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖਣ ਲਈ ਜਾ ਕੇ ਫਾਟਕਾਂ ਦੀ ਰਾਖੀ ਕਰਨ।ਹੇ ਮੇਰੇ ਪਰਮੇਸ਼ਵਰ, ਇਸ ਲਈ ਵੀ ਮੈਨੂੰ ਯਾਦ ਕਰ ਅਤੇ ਆਪਣੇ ਮਹਾਨ ਪਿਆਰ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ।23ਇਸ ਤੋਂ ਇਲਾਵਾ, ਉਹਨਾਂ ਦਿਨਾਂ ਵਿੱਚ ਮੈਂ ਯਹੂਦਾਹ ਦੇ ਆਦਮੀਆਂ ਨੂੰ ਦੇਖਿਆ ਜਿਨ੍ਹਾਂ ਨੇ ਅਸ਼ਦੋਦ, ਅੰਮੋਨ ਅਤੇ ਮੋਆਬ ਦੀਆਂ ਔਰਤਾਂ ਨਾਲ ਵਿਆਹ ਕੀਤਾ ਸੀ।24ਉਹਨਾਂ ਦੇ ਅੱਧੇ ਬੱਚੇ ਅਸ਼ਦੋਦ ਦੀ ਭਾਸ਼ਾ ਜਾਂ ਕਿਸੇ ਹੋਰ ਕੌਮ ਦੀ ਭਾਸ਼ਾ ਬੋਲਦੇ ਸਨ, ਅਤੇ ਉਹ ਨਹੀਂ ਜਾਣਦੇ ਸਨ ਕਿ ਯਹੂਦਾਹ ਦੀ ਭਾਸ਼ਾ ਕਿਵੇਂ ਬੋਲਣੀ ਹੈ।25ਤਦ ਮੈਂ ਉਹਨਾਂ ਨੂੰ ਝਿੜਕਿਆ ਅਤੇ ਫਿਟਕਾਰਿਆ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਹਨਾਂ ਦੇ ਵਾਲ਼ ਪੁੱਟਵਾਏ ਅਤੇ ਉਹਨਾਂ ਨੂੰ ਪਰਮੇਸ਼ਵਰ ਦੀ ਸਹੁੰ ਖੁਆਈ, “ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਹਨਾਂ ਦੇ ਪੁੱਤਰਾਂ ਨਾਲ ਨਹੀਂ ਕਰੋਗੇ ਅਤੇ ਨਾ ਹੀ ਆਪਣਾ ਜਾਂ ਆਪਣੇ ਪੁੱਤਰਾਂ ਦਾ ਵਿਆਹ ਉਹਨਾਂ ਦੀਆਂ ਧੀਆਂ ਨਾਲ ਕਰੋਗੇ।26ਕੀ ਇਸਰਾਏਲ ਦੇ ਰਾਜਾ ਸ਼ਲੋਮੋਨ ਨੇ ਇਨ੍ਹਾਂ ਹੀ ਗੱਲਾਂ ਦੇ ਕਾਰਨ ਪਾਪ ਨਹੀਂ ਕੀਤਾ? ਬਹੁਤ ਸਾਰੀਆਂ ਕੌਮਾਂ ਵਿੱਚ ਉਸ ਵਰਗਾ ਕੋਈ ਰਾਜਾ ਨਹੀਂ ਸੀ। ਉਹ ਆਪਣੇ ਪਰਮੇਸ਼ਵਰ ਦੁਆਰਾ ਪਿਆਰ ਕੀਤਾ ਗਿਆ ਸੀ, ਅਤੇ ਪਰਮੇਸ਼ਵਰ ਨੇ ਉਸਨੂੰ ਸਾਰੇ ਇਸਰਾਏਲ ਦਾ ਰਾਜਾ ਬਣਾਇਆ, ਪਰ ਇੱਥੋਂ ਤੱਕ ਕਿ ਉਹ ਵਿਦੇਸ਼ੀ ਔਰਤਾਂ ਦੁਆਰਾ ਪਾਪ ਵਿੱਚ ਲਿਆਇਆ ਗਿਆ ਸੀ।27ਕੀ ਅਸੀਂ ਤੁਹਾਡੀ ਸੁਣ ਕੇ ਐਨੀ ਵੱਡੀ ਬੁਰਿਆਈ ਕਰੀਏ ਕਿ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਧੋਖਾ ਕਰੀਏ?”28ਪ੍ਰਧਾਨ ਜਾਜਕ ਅਲਯਾਸ਼ੀਬ ਦੇ ਪੁੱਤਰ ਯੋਯਾਦਾ ਦੇ ਪੁੱਤਰਾਂ ਵਿੱਚੋਂ ਇੱਕ ਹੋਰੋਨੀ ਸਨਬੱਲਟ ਦਾ ਜਵਾਈ ਸੀ ਅਤੇ ਮੈਂ ਉਸਨੂੰ ਮੇਰੇ ਤੋਂ ਦੂਰ ਕਰ ਦਿੱਤਾ।29ਹੇ ਮੇਰੇ ਪਰਮੇਸ਼ਵਰ, ਉਹਨਾਂ ਨੂੰ ਚੇਤੇ ਰੱਖ, ਕਿਉਂ ਜੋ ਉਹਨਾਂ ਨੇ ਜਾਜਕਾਂ ਦੇ ਅਹੁਦੇ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਭ੍ਰਿਸ਼ਟ ਕੀਤਾ।30ਇਸ ਲਈ ਮੈਂ ਜਾਜਕਾਂ ਅਤੇ ਲੇਵੀਆਂ ਨੂੰ ਸਾਰੀਆਂ ਵਿਦੇਸ਼ੀ ਚੀਜ਼ਾਂ ਤੋਂ ਸ਼ੁੱਧ ਕੀਤਾ ਅਤੇ ਉਹਨਾਂ ਨੂੰ ਹਰ ਇੱਕ ਨੂੰ ਆਪਣੇ ਕੰਮ ਲਈ ਸੌਂਪਿਆ।31ਮੈਂ ਨਿਰਧਾਰਿਤ ਸਮੇਂ ਤੇ ਲੱਕੜ ਦੇ ਯੋਗਦਾਨ ਲਈ, ਅਤੇ ਪਹਿਲੇ ਫਲਾਂ ਲਈ ਵੀ ਪ੍ਰਬੰਧ ਕੀਤਾ।
ਮੇਰੇ ਸੁਆਮੀ, ਕਿਰਪਾ ਨਾਲ ਮੈਨੂੰ ਯਾਦ ਕਰ।
Biblica, Inc.