ਅੱਯੋਬ1

ਅੱਯੋਬ ਦਾ ਚਾਲ-ਚਲਣ ਅਤੇ ਸੰਪਤੀ

1ਊਜ਼ ਦੇਸ਼ ਵਿੱਚ ਅੱਯੋਬ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਇਹ ਆਦਮੀ ਨਿਰਦੋਸ਼ ਅਤੇ ਖਰਾ ਸੀ; ਉਹ ਪਰਮੇਸ਼ਵਰ ਤੋਂ ਡਰਦਾ ਸੀ ਅਤੇ ਬੁਰਾਈ ਤੋਂ ਦੂਰ ਰਹਿੰਦਾ ਸੀ।2ਉਸ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ,3ਅਤੇ ਉਸ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਬਲਦਾਂ ਦੇ ਜੋੜੇ ਅਤੇ ਪੰਜ ਸੌ ਗਧੀਆ ਸਨ ਅਤੇ ਉਸ ਕੋਲ ਬਹੁਤ ਸਾਰੇ ਨੌਕਰ ਸਨ। ਉਹ ਪੂਰਬ ਦੇ ਸਾਰੇ ਲੋਕਾਂ ਵਿੱਚੋਂ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ।
4ਉਹ ਦੇ ਪੁੱਤਰਾਂ ਦੇ ਜਨਮ ਦਿਨ ਤੇ ਉਹਨਾਂ ਦੇ ਘਰ ਦਾਅਵਤ ਹੁੰਦੀ ਸੀ ਅਤੇ ਉਹ ਆਪਣੀਆਂ ਤਿੰਨ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਬੁਲਾਉਂਦੇ ਸਨ।5ਜਦੋਂ ਦਾਅਵਤ ਦਾ ਸਮਾਂ ਚੱਲਦਾ ਸੀ, ਤਾਂ ਅੱਯੋਬ ਉਹਨਾਂ ਨੂੰ ਸ਼ੁੱਧ ਕਰਨ ਦਾ ਇੰਤਜ਼ਾਮ ਕਰਦਾ ਸੀ। ਉਹ ਸਵੇਰੇ-ਸਵੇਰੇ ਉਹਨਾਂ ਵਿੱਚੋਂ ਹਰੇਕ ਲਈ ਹੋਮ ਦੀ ਭੇਟ ਇਹ ਸੋਚ ਕੇ ਚੜ੍ਹਾਉਂਦਾ, “ਕਿ ਸ਼ਾਇਦ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਦਿਲਾਂ ਵਿੱਚ ਪਰਮੇਸ਼ਵਰ ਨੂੰ ਸਰਾਪ ਦਿੱਤਾ ਹੋਵੇ।” ਅੱਯੋਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ।
6ਇੱਕ ਦਿਨ ਪਰਮੇਸ਼ਵਰ ਦੇ ਪੁੱਤਰ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰਨ ਲਈ ਆਏ, ਅਤੇ ਸ਼ੈਤਾਨ ਵੀ ਉਹਨਾਂ ਦੇ ਨਾਲ ਆਇਆ।7ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਤੂੰ ਕਿੱਥੋਂ ਆਇਆ ਹੈ?”
ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, “ਮੈ ਧਰਤੀ ਤੇ ਘੁੰਮਦਾ ਅਤੇ ਉੱਥੋਂ ਇਧਰ-ਉਧਰ ਫਿਰਦਾ ਆਇਆ ਹਾਂ।”
8ਤਦ ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਕੀ ਤੂੰ ਮੇਰੇ ਸੇਵਕ ਅੱਯੋਬ ਬਾਰੇ ਸੋਚਿਆ ਹੈ? ਉਸ ਵਰਗਾ ਧਰਤੀ ਉੱਤੇ ਕੋਈ ਨਹੀਂ ਹੈ; ਉਹ ਨਿਰਦੋਸ਼ ਅਤੇ ਨੇਕ ਹੈ, ਇੱਕ ਅਜਿਹਾ ਆਦਮੀ ਜੋ ਪਰਮੇਸ਼ਵਰ ਤੋਂ ਡਰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ।”
9ਸ਼ੈਤਾਨ ਨੇ ਯਾਹਵੇਹ ਨੂੰ ਆਖਿਆ “ਕੀ ਅੱਯੋਬ ਕੋਲ ਪਰਮੇਸ਼ਵਰ ਤੋਂ ਡਰਨ ਦਾ ਕੋਈ ਚੰਗਾ ਕਾਰਨ ਹੈ?”10“ਕੀ ਤੂੰ ਉਸ ਦੇ ਘਰਾਣੇ ਅਤੇ ਉਸ ਦੀ ਹਰ ਚੀਜ਼ ਦੇ ਆਲੇ-ਦੁਆਲੇ ਵਾੜ ਨਹੀਂ ਲਾਈ ਹੈ? ਤੂੰ ਉਸਦੇ ਹੱਥਾਂ ਦੇ ਕੰਮ ਨੂੰ ਅਸੀਸ ਦਿੱਤੀ ਹੈ, ਤਾਂ ਜੋ ਉਸਦੀ ਧੰਨ-ਸੰਪਤੀ ਵਧ ਜਾਵੇ।11ਪਰ ਹੁਣ ਆਪਣਾ ਹੱਥ ਹਟਾ ਲੈ ਅਤੇ ਉਸ ਕੋਲ ਜੋ ਕੁਝ ਵੀ ਹੈ ਉਸਦੀ ਸੰਪਤੀ ਨੂੰ ਛੂਹ ਅਤੇ ਉਹ ਤੇਰੇ ਮੂੰਹ ਉੱਤੇ ਤੈਨੂੰ ਸਰਾਪ ਦੇਵੇਗਾ।”
12ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਤਾਂ ਜੋ ਕੁਝ ਵੀ ਉਸ ਕੋਲ ਹੈ, ਉਹ ਤੇਰੇ ਵੱਸ ਵਿੱਚ ਹੈ, ਪਰ ਤੂੰ ਉਸ ਨੂੰ ਹੱਥ ਨਾ ਲਾਵੀ।”
ਤਦ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਵਿੱਚੋਂ ਬਾਹਰ ਚਲਾ ਗਿਆ।
13ਇੱਕ ਦਿਨ ਜਦੋਂ ਅੱਯੋਬ ਦੇ ਪੁੱਤਰ ਅਤੇ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ,14ਇੱਕ ਨੌਕਰ ਅੱਯੋਬ ਕੋਲ ਆਇਆ ਅਤੇ ਕਿਹਾ, “ਬਲਦ ਹਲ ਵਾਹੁੰਦੇ ਸਨ ਅਤੇ ਗਧੀਆਂ ਨੇੜੇ ਹੀ ਚਰ ਰਹੀਆਂ ਸਨ।15ਸ਼ੀਬਾਇਆਂ ਨੇ ਹਮਲਾ ਕੀਤਾ ਅਤੇ ਉਹਨਾਂ ਨੂੰ ਲੁੱਟ ਲਿਆ ਅਤੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”
16ਜਦੋਂ ਉਹ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਪਰਮੇਸ਼ਵਰ ਦੀ ਅੱਗ ਅਕਾਸ਼ੋਂ ਡਿੱਗੀ ਅਤੇ ਭੇਡਾਂ ਅਤੇ ਨੌਕਰਾਂ ਨੂੰ ਸਾੜ ਦਿੱਤਾ, ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”
17ਜਦੋਂ ਉਹ ਅਜੇ ਬੋਲ ਹੀ ਰਿਹਾ ਸੀ, ਇੱਕ ਹੋਰ ਨੌਕਰ ਆਇਆ ਅਤੇ ਬੋਲਿਆ, “ਕਸਦੀਆਂ ਨੇ ਤਿੰਨ ਦਲ ਬਣਾਏ ਅਤੇ ਤੁਹਾਡੇ ਊਠਾਂ ਉੱਤੇ ਹਮਲਾ ਕੀਤਾ ਅਤੇ ਉਹ ਉਹਨਾਂ ਨੂੰ ਖੋਹ ਕੇ ਲੈ ਗਏ। ਉਹਨਾਂ ਨੇ ਨੌਕਰਾਂ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਮੈਂ ਇਕੱਲਾ ਤੁਹਾਨੂੰ ਦੱਸਣ ਲਈ ਬਚਿਆ ਹਾਂ!”
18ਜਦੋਂ ਉਹ ਬੋਲ ਰਿਹਾ ਸੀ, ਤਾਂ ਇੱਕ ਹੋਰ ਨੌਕਰ ਆਇਆ ਅਤੇ ਆਖਿਆ, “ਤੁਹਾਡੇ ਪੁੱਤਰ ਧੀਆਂ ਸਭ ਤੋਂ ਵੱਡੇ ਭਰਾ ਦੇ ਘਰ ਦਾਅਵਤ ਕਰ ਰਹੇ ਸਨ ਅਤੇ ਦਾਖ਼ਰਸ ਪੀ ਰਹੇ ਸਨ।19ਜਦੋਂ ਅਚਾਨਕ ਇੱਕ ਤੇਜ਼ ਹਵਾ ਮਾਰੂਥਲ ਵਿੱਚੋਂ ਆਈ ਅਤੇ ਘਰ ਦੇ ਚਾਰੇ ਕੋਨਿਆਂ ਨਾਲ ਟਕਰਾ ਗਈ। ਅਤੇ ਘਰ ਉਹਨਾਂ ਦੇ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ਅਤੇ ਮੈਂ ਇਕੱਲਾ ਹੀ ਤੁਹਾਨੂੰ ਦੱਸਣ ਲਈ ਬਚਿਆ ਹਾਂ!”
20ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ21ਅਤੇ ਕਿਹਾ:“ਮੈਂ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਆਇਆ ਹਾਂ,ਅਤੇ ਨੰਗਾ ਹੀ ਮੁੜ ਜਾਵਾਂਗਾ।ਯਾਹਵੇਹ ਨੇ ਦਿੱਤਾ ਅਤੇ ਯਾਹਵੇਹ ਨੇ ਲੈ ਲਿਆ;ਯਾਹਵੇਹ ਦੇ ਨਾਮ ਦੀ ਵਡਿਆਈ ਹੋਵੇ।”
22ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੋਬ ਨੇ ਨਾ ਪਾਪ ਕੀਤਾ, ਨਾ ਪਰਮੇਸ਼ਵਰ ਉੱਤੇ ਦੋਸ਼ ਲਾਇਆ।

Biblica, Inc.

https://app.library.bible/content/38de522697cd8943