ਯਿਰਮਿਯਾਹ43
1ਜਦੋਂ ਯਿਰਮਿਯਾਹ ਨੇ ਲੋਕਾਂ ਨੂੰ ਉਹਨਾਂ ਦੇ ਪਰਮੇਸ਼ਵਰ ਦੇ ਯਾਹਵੇਹ ਦੀਆਂ ਸਾਰੀਆਂ ਗੱਲਾਂ ਦੱਸੀਆਂ ਉਹ ਸਭ ਕੁਝ ਜੋ ਯਾਹਵੇਹ ਨੇ ਉਹਨਾਂ ਨੂੰ ਦੱਸਣ ਲਈ ਭੇਜਿਆ ਸੀ,2ਹੋਸ਼ਆਯਾਹ ਦਾ ਪੁੱਤਰ ਅਜ਼ਰਯਾਹ ਅਤੇ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਸਾਰੇ ਹੰਕਾਰੀ ਆਦਮੀਆਂ ਨੇ ਯਿਰਮਿਯਾਹ ਨੂੰ ਕਿਹਾ, “ਤੂੰ ਝੂਠ ਬੋਲ ਰਿਹਾ ਹੈ! ਯਾਹਵੇਹ ਸਾਡੇ ਪਰਮੇਸ਼ਵਰ ਨੇ ਤੈਨੂੰ ਇਹ ਕਹਿਣ ਲਈ ਨਹੀਂ ਭੇਜਿਆ ਹੈ, ‘ਕਿ ਮਿਸਰ ਵਿੱਚ ਵਸਣ ਲਈ ਨਾ ਜਾਓ।’3ਪਰ ਨੇਰੀਯਾਹ ਦਾ ਪੁੱਤਰ ਬਾਰੂਕ ਤੈਨੂੰ ਸਾਡੇ ਵਿਰੁੱਧ ਉਕਸਾਇਆ ਹੈ ਕਿ ਸਾਨੂੰ ਕਸਦੀਆਂ ਦੇ ਹਵਾਲੇ ਕਰ, ਤਾਂ ਜੋ ਉਹ ਸਾਨੂੰ ਮਾਰ ਦੇਣ ਜਾਂ ਸਾਨੂੰ ਗੁਲਾਮ ਬਣਾ ਕੇ ਬਾਬੇਲ ਨੂੰ ਲੈ ਜਾਣ।”4ਇਸ ਲਈ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਸਾਰੇ ਫ਼ੌਜੀ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਯਹੂਦਾਹ ਦੇ ਦੇਸ਼ ਵਿੱਚ ਰਹਿਣ ਲਈ ਯਾਹਵੇਹ ਦੇ ਹੁਕਮ ਦੀ ਉਲੰਘਣਾ ਕੀਤੀ।5ਫਿਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਯਹੂਦਾਹ ਦੇ ਸਾਰੇ ਬਚੇ ਹੋਏ ਲੋਕੋਂ ਨੂੰ ਲਿਆ ਜਿਹੜਾ ਸਾਰੀਆਂ ਕੌਮਾਂ ਵਿੱਚੋਂ ਜਿੱਥੇ ਉਹ ਖੇਰੂੰ-ਖੇਰੂੰ ਹੋ ਗਏ ਸਨ ਯਹੂਦਾਹ ਦੇ ਦੇਸ਼ ਵਿੱਚ ਟਿਕਣ ਲਈ ਮੁੜ ਆਏ ਸਨ।6ਅਰਥਾਤ ਮਰਦਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ, ਰਾਜਾ ਦੀਆਂ ਧੀਆਂ ਨੂੰ ਅਤੇ ਸਾਰੀਆਂ ਜਾਨਾਂ ਨੂੰ ਜਿਹਨਾਂ ਨੂੰ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਅਤੇ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਕੋਲ ਛੱਡਿਆ ਸੀ।7ਇਸ ਲਈ ਉਹ ਯਾਹਵੇਹ ਦੀ ਅਣ-ਆਗਿਆਕਾਰੀ ਵਿੱਚ ਮਿਸਰ ਵਿੱਚ ਦਾਖਲ ਹੋਏ ਅਤੇ ਤਾਹਪਨਹੇਸ ਤੱਕ ਚਲੇ ਗਏ।8ਤਾਹਪਨਹੇਸ ਵਿੱਚ ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:9“ਤੂੰ ਆਪਣੇ ਹੱਥ ਵਿੱਚ ਵੱਡੇ ਪੱਥਰ ਲੈ ਅਤੇ ਉਹਨਾਂ ਨੂੰ ਚੂਨੇ ਵਿੱਚ ਉਸ ਚੌਂਕ ਵਿੱਚ ਲੁਕੋ ਦੇ ਜਿਹੜਾ ਤਾਹਪਨਹੇਸ ਵਿੱਚ ਫ਼ਿਰਾਊਨ ਦੇ ਮਹਿਲ ਦੇ ਫਾਟਕ ਕੋਲ ਹੈ ਅਤੇ ਇਹ ਯਹੂਦਾਹ ਦੇ ਮਨੁੱਖਾਂ ਦੇ ਵੇਖਦਿਆਂ ਹੋਵੇ।10ਫਿਰ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਮੈਂ ਆਪਣੇ ਸੇਵਕ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ, ਅਤੇ ਮੈਂ ਉਹਨਾਂ ਪੱਥਰਾਂ ਉੱਤੇ ਉਸਦਾ ਸਿੰਘਾਸਣ ਰੱਖਾਂਗਾ ਜਿਨ੍ਹਾਂ ਨੂੰ ਮੈਂ ਇੱਥੇ ਦਫ਼ਨਾਇਆ ਹੈ। ਉਹ ਉਹਨਾਂ ਦੇ ਉੱਪਰ ਆਪਣੀ ਸ਼ਾਹੀ ਛੱਤਰੀ ਵਿਛਾਏਗਾ।11ਉਹ ਆਵੇਗਾ ਅਤੇ ਮਿਸਰ ਉੱਤੇ ਹਮਲਾ ਕਰੇਗਾ, ਮੌਤ ਵਾਲੇ ਮੌਤ ਲਈ, ਕੈਦ ਵਾਲੇ ਕੈਦ ਲਈ, ਤਲਵਾਰ ਵਾਲੇ ਤਲਵਾਰ ਲਈ।12ਉਹ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਨੂੰ ਅੱਗ ਲਾ ਦੇਵੇਗਾ। ਉਹ ਉਹਨਾਂ ਦੇ ਮੰਦਰਾਂ ਨੂੰ ਸਾੜ ਦੇਵੇਗਾ ਅਤੇ ਉਹਨਾਂ ਦੇ ਦੇਵਤਿਆਂ ਨੂੰ ਬੰਦੀ ਬਣਾ ਲਵੇਗਾ। ਅਤੇ ਜਿਵੇਂ ਆਜੜੀ ਆਪਣਾ ਕੱਪੜਾ ਲਪੇਟਦਾ ਹੈ ਤਿਵੇਂ ਉਹ ਮਿਸਰ ਦੇਸ਼ ਨੂੰ ਲਪੇਟ ਲਵੇਗਾ ਅਤੇ ਉੱਥੋਂ ਸ਼ਾਂਤੀ ਨਾਲ ਨਿੱਕਲ ਜਾਵੇਗਾ।13ਉੱਥੇ ਮਿਸਰ ਵਿੱਚ ਸੂਰਜ ਦੇ ਮੰਦਰ ਵਿੱਚ ਉਹ ਪਵਿੱਤਰ ਥੰਮ੍ਹਾਂ ਨੂੰ ਢਾਹ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਨੂੰ ਸਾੜ ਦੇਵੇਗਾ।’ ”
Biblica, Inc.