ਯਿਰਮਿਯਾਹ39
1ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਵਿੱਚ ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਫ਼ੌਜ ਨਾਲ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ।2ਅਤੇ ਸਿਦਕੀਯਾਹ ਦੇ ਗਿਆਰਵੇਂ ਸਾਲ ਦੇ ਚੌਥੇ ਮਹੀਨੇ ਦੇ ਨੌਵੇਂ ਦਿਨ, ਸ਼ਹਿਰ ਦੀ ਕੰਧ ਢਾਹ ਦਿੱਤੀ ਗਈ।3ਤਾਂ ਬਾਬੇਲ ਦੇ ਰਾਜਾ ਦੇ ਸਾਰੇ ਸਰਦਾਰ ਅੰਦਰ ਆ ਕੇ ਵਿਚਲੇ ਫਾਟਕ ਵਿੱਚ ਬੈਠ ਗਏ ਅਰਥਾਤ ਨੇਰਗਲ-ਸ਼ਰਾਸਰ, ਸਮਗਰ-ਨੂਬ, ਸਰਸਕੀਮ, ਖੁਸਰਿਆਂ ਦਾ ਪ੍ਰਧਾਨ ਨੇਰਗਲ-ਸ਼ਰਾਸਰ, ਨਜੂਮੀਆਂ ਦਾ ਉਸਤਾਦ ਅਤੇ ਬਾਬੇਲ ਦੇ ਰਾਜਾ ਦੇ ਬਾਕੀ ਸਾਰੇ ਸਰਦਾਰ ਨਾਲ ਸਨ।4ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਸਾਰੇ ਸਿਪਾਹੀਆਂ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਭੱਜ ਗਏ। ਉਹ ਰਾਤ ਨੂੰ ਸ਼ਹਿਰ ਛੱਡ ਕੇ ਰਾਜੇ ਦੇ ਬਾਗ ਦੇ ਰਸਤੇ, ਦੋ ਕੰਧਾਂ ਦੇ ਵਿਚਕਾਰਲੇ ਦਰਵਾਜ਼ੇ ਰਾਹੀਂ ਅਰਬਾਹ ਵੱਲ ਚਲੇ ਗਏ।5ਪਰ ਕਸਦੀਆਂ ਦੀ ਫ਼ੌਜ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨਾਂ ਵਿੱਚ ਸਿਦਕੀਯਾਹ ਨੂੰ ਫੜ ਲਿਆ। ਉਹ ਉਸ ਨੂੰ ਫੜ ਕੇ ਬਾਬੇਲ ਦੇ ਰਾਜੇ ਨਬੂਕਦਨੱਸਰ ਕੋਲ ਹਮਾਥ ਦੀ ਧਰਤੀ ਦੇ ਰਿਬਲਾਹ ਵਿਖੇ ਲੈ ਗਏ, ਜਿੱਥੇ ਉਸ ਨੇ ਉਸ ਨੂੰ ਸਜ਼ਾ ਸੁਣਾਈ।6ਬਾਬੇਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਰਿਬਲਾਹ ਵਿੱਚ ਵੱਢ ਸੁੱਟਿਆ ਅਤੇ ਬਾਬੇਲ ਦੇ ਰਾਜਾ ਨੇ ਯਹੂਦਾਹ ਦੇ ਸਾਰੇ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ।7ਤਦ ਉਸ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਬਾਬੇਲ ਲੈ ਜਾਣ ਲਈ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਦਿੱਤਾ।8ਕਸਦੀਆਂ ਦੇ ਰਾਜਾ ਦੇ ਮਹਿਲ ਨੂੰ ਅਤੇ ਲੋਕਾਂ ਦੇ ਘਰਾਂ ਨੂੰ ਅੱਗ ਨਾਲ ਸਾੜ ਦਿੱਤਾ ਅਤੇ ਯੇਰੂਸ਼ਲੇਮ ਦੀਆਂ ਕੰਧਾਂ ਨੂੰ ਢਾਹ ਸੁੱਟਿਆ।9ਤਦ ਬਾਕੀ ਦੇ ਲੋਕਾਂ ਨੂੰ ਜਿਹੜੇ ਸ਼ਹਿਰ ਵਿੱਚ ਬਚ ਰਹੇ ਸਨ ਅਤੇ ਉਹਨਾਂ ਨੂੰ ਜਿਹੜੇ ਉਹ ਦੀ ਵੱਲ ਚਲੇ ਗਏ ਸਨ ਅਤੇ ਬਾਕੀ ਦੇ ਲੋਕਾਂ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਕਪਤਾਨ ਗੁਲਾਮ ਕਰ ਕੇ ਬਾਬੇਲ ਨੂੰ ਲੈ ਗਿਆ।10ਅਤੇ ਲੋਕਾਂ ਵਿੱਚੋਂ ਗਰੀਬ ਜਿਹਨਾਂ ਕੋਲ ਕੁਝ ਨਹੀਂ ਸੀ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਨੇ ਯਹੂਦਾਹ ਦੇ ਦੇਸ ਵਿੱਚ ਰਹਿਣ ਦਿੱਤਾ ਅਤੇ ਉਸੇ ਦਿਨ ਉਹ ਨੇ ਉਹਨਾਂ ਨੂੰ ਅੰਗੂਰਾਂ ਦੇ ਬਾਗ਼ ਅਤੇ ਖੇਤ ਦਿੱਤੇ।11ਹੁਣ ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਸ਼ਾਹੀ ਪਹਿਰੇਦਾਰ ਦੇ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਰਾਹੀਂ ਯਿਰਮਿਯਾਹ ਬਾਰੇ ਇਹ ਹੁਕਮ ਦਿੱਤੇ ਸਨ:12“ਉਸ ਨੂੰ ਲੈ ਜਾਓ ਅਤੇ ਉਸਦੀ ਦੇਖਭਾਲ ਕਰੋ; ਉਸਨੂੰ ਨੁਕਸਾਨ ਨਾ ਪਹੁੰਚਾਓ ਪਰ ਜੋ ਵੀ ਉਹ ਮੰਗੇ ਉਸਦੇ ਲਈ ਕਰੋ।”13ਸੋ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਅਤੇ ਖੁਸਰਿਆਂ ਦੇ ਚੌਧਰੀ ਨਬੂਸ਼ਜ਼ਬਾਨ ਅਤੇ ਨੇਰਗਲ-ਸ਼ਰਾਸਰ ਨਜੂਮੀਆਂ ਦੇ ਉਸਤਾਦ ਅਤੇ ਬਾਬੇਲ ਦੇ ਰਾਜਾ ਦੇ ਸਾਰੇ ਸਰਦਾਰਾਂ ਨੇ ਮਨੁੱਖ ਘੱਲੇ।14ਅਤੇ ਮਨੁੱਖ ਘੱਲ ਕੇ ਉਹਨਾਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚੋਂ ਲਿਆਂਦਾ ਅਤੇ ਉਹ ਨੂੰ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕੀਤਾ। ਉਹ ਉਸ ਨੂੰ ਘਰ ਲੈ ਗਿਆ ਸੋ ਉਹ ਲੋਕਾਂ ਦੇ ਵਿਚਕਾਰ ਟਿਕਿਆਂ ਰਿਹਾ।15ਜਦੋਂ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਸੀਮਤ ਸੀ, ਤਾਂ ਯਾਹਵੇਹ ਦਾ ਬਚਨ ਉਸ ਨੂੰ ਆਇਆ:16“ਜਾਓ ਅਤੇ ਕੂਸ਼ੀ ਅਬਦ-ਮਲਕ ਨੂੰ ਆਖ, ‘ਇਹ ਉਹ ਹੈ ਜੋ ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ, ਆਖਦਾ ਹੈ: ਮੈਂ ਇਸ ਸ਼ਹਿਰ ਦੇ ਵਿਰੁੱਧ ਆਪਣੇ ਬਚਨਾਂ ਨੂੰ ਪੂਰਾ ਕਰਨ ਵਾਲਾ ਹਾਂ, ਉਹ ਬਚਨ ਤਬਾਹੀ ਦੇ ਹਨ ਖੁਸ਼ਹਾਲੀ ਦੇ ਨਹੀਂ। ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਪੂਰੇ ਹੋਣਗੇ।17ਪਰ ਮੈਂ ਤੁਹਾਨੂੰ ਉਸ ਦਿਨ ਬਚਾਵਾਂਗਾ, ਯਾਹਵੇਹ ਦਾ ਵਾਕ ਹੈ; ਤੁਹਾਨੂੰ ਉਹਨਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਤੋਂ ਤੁਸੀਂ ਡਰਦੇ ਹੋ।18ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਗਾ ਸਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ ਕਿਉਂ ਜੋ ਤੂੰ ਮੇਰੇ ਉੱਤੇ ਭਰੋਸਾ ਰੱਖਿਆ, ਯਾਹਵੇਹ ਦਾ ਵਾਕ ਹੈ।’ ”
Biblica, Inc.