ਏਜ਼ਰਾ6

ਦਾਰਾ ਦਾ ਫ਼ਰਮਾਨ

1ਤਦ ਰਾਜਾ ਦਾਰਾ ਨੇ ਇੱਕ ਹੁਕਮ ਜਾਰੀ ਕੀਤਾ ਅਤੇ ਉਹਨਾਂ ਨੇ ਬਾਬੇਲ ਦੇ ਖ਼ਜ਼ਾਨੇ ਵਿੱਚ ਰੱਖੇ ਪੁਰਾਲੇਖਾਂ ਦੀ ਪੜਤਾਲ ਕੀਤੀ।2ਮਾਦਈ ਨਾਮ ਦੇ ਸੂਬੇ ਵਿੱਚ ਏਕਬਤਾਨਾ ਦੇ ਕਿਲੇ ਵਿੱਚ ਇੱਕ ਪੱਤਰੀ ਮਿਲੀ ਅਤੇ ਉਸ ਉੱਤੇ ਇਹ ਲਿਖਿਆ ਹੋਇਆ ਸੀ:
ਮੰਗ ਪੱਤਰ
3ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਪਰਮੇਸ਼ਵਰ ਦੇ ਭਵਨ ਦੇ ਵਿਖੇ ਜੋ ਯੇਰੂਸ਼ਲੇਮ ਵਿੱਚ ਹੈ ਇਹ ਆਗਿਆ ਦਿੱਤੀ।
ਹੈਕਲ ਵਿੱਚ ਬਲੀਆਂ ਚੜ੍ਹਾਉਣ ਲਈ ਇੱਕ ਜਗ੍ਹਾ ਦੁਬਾਰਾ ਬਣਾਈ ਜਾਵੇ, ਅਤੇ ਇਸ ਦੀ ਨੀਂਹ ਰੱਖੀ ਜਾਵੇ। ਇਹ ਸੱਠ ਹੱਥ ਉੱਚਾ ਅਤੇ ਸੱਠ ਹੱਥ ਚੌੜਾ ਹੋਣਾ ਚਾਹੀਦਾ ਹੈ,
4ਉਸ ਵਿੱਚ ਤਿੰਨ ਰੱਦੇ ਭਾਰੇ ਪੱਥਰਾਂ ਦੇ ਅਤੇ ਇੱਕ ਰੱਦਾ ਨਵੀਂ ਲੱਕੜ ਦਾ ਹੋਵੇ ਅਤੇ ਇਸ ਦਾ ਖ਼ਰਚ ਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ।5ਇਸ ਤੋਂ ਇਲਾਵਾ ਪਰਮੇਸ਼ਵਰ ਦੇ ਭਵਨ ਦੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ, ਜਿਨ੍ਹਾਂ ਨੂੰ ਨਬੂਕਦਨੱਸਰ ਯੇਰੂਸ਼ਲੇਮ ਦੀ ਹੈਕਲ ਵਿੱਚੋਂ ਲੈ ਕੇ ਬਾਬੇਲ ਵਿੱਚ ਲਿਆਇਆ ਸੀ, ਯੇਰੂਸ਼ਲੇਮ ਦੀ ਹੈਕਲ ਵਿੱਚ ਆਪਣੇ ਸਥਾਨ ਤੇ ਪਹੁੰਚਾਏ ਜਾਣ ਅਤੇ ਉਹ ਪਰਮੇਸ਼ਵਰ ਦੇ ਘਰ ਵਿੱਚ ਜਮ੍ਹਾਂ ਕੀਤੇ ਜਾਣ।
6ਇਸ ਲਈ ਹੇ ਦਰਿਆ ਪਾਰ ਦੇ ਹਾਕਮ ਤਤਨਈ! ਹੇ ਸਥਰ-ਬੋਜ਼ਨਈ! ਤੁਸੀਂ ਆਪਣੇ ਅਫਰਸਕਾਈ ਸਾਥੀਆਂ ਨਾਲ ਜੋ ਦਰਿਆ ਦੇ ਪਾਰ ਹਨ, ਉੱਥੋਂ ਦੂਰ ਰਹੋ।7ਪਰਮੇਸ਼ਵਰ ਦੇ ਇਸ ਭਵਨ ਦੇ ਕੰਮ ਵਿੱਚ ਰੁਕਾਵਟ ਨਾ ਪਾਓ। ਯਹੂਦੀਆਂ ਦੇ ਰਾਜਪਾਲ ਅਤੇ ਯਹੂਦੀ ਬਜ਼ੁਰਗਾਂ ਨੂੰ ਇਸ ਦੀ ਜਗ੍ਹਾ ਉੱਤੇ ਪਰਮੇਸ਼ਵਰ ਦੇ ਇਸ ਘਰ ਨੂੰ ਦੁਬਾਰਾ ਬਣਾਉਣ ਦਿਓ।
8ਇਸ ਤੋਂ ਇਲਾਵਾ, ਮੈਂ ਇਹ ਹੁਕਮ ਦਿੰਦਾ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਇਸ ਭਵਨ ਦੀ ਉਸਾਰੀ ਵਿੱਚ ਯਹੂਦੀਆਂ ਦੇ ਇਨ੍ਹਾਂ ਬਜ਼ੁਰਗਾਂ ਲਈ ਕੀ ਕਰਨਾ ਹੈ:
ਉਹਨਾਂ ਦੇ ਖਰਚੇ ਦਾ ਪੂਰਾ ਭੁਗਤਾਨ ਸ਼ਾਹੀ ਖਜ਼ਾਨੇ ਵਿੱਚੋਂ, ਟਰਾਂਸ-ਫਰਾਤ ਦੇ ਮਾਲੀਏ ਵਿੱਚੋਂ ਕੀਤਾ ਜਾਣਾ ਹੈ, ਤਾਂ ਜੋ ਕੰਮ ਰੁਕੇ ਨਾ।
9ਸਵਰਗ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਲਈ ਬਲਦ, ਭੇਡੂ, ਭੇਡ ਦੇ ਬੱਚੇ, ਯੇਰੂਸ਼ਲੇਮ ਦੇ ਜਾਜਕਾਂ ਦੁਆਰਾ ਮੰਗੇ ਗਏ ਕਣਕ, ਲੂਣ, ਦਾਖ਼ਰਸ ਅਤੇ ਜ਼ੈਤੂਨ ਦਾ ਤੇਲ ਉਹਨਾਂ ਨੂੰ ਜੋ ਕੁਝ ਵੀ ਚਾਹੀਦਾ ਹੈ, ਹਰ ਰੋਜ਼ ਬਿਨਾਂ ਕਿਸੇ ਰੁਕਾਵਟ ਦੇ ਦਿੱਤਾ ਜਾਣਾ ਚਾਹੀਦਾ ਹੈ।10ਤਾਂ ਜੋ ਉਹ ਸਵਰਗ ਦੇ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਲੀਆਂ ਬਲੀਆਂ ਚੜ੍ਹਾਉਣ ਅਤੇ ਰਾਜੇ ਅਤੇ ਉਸ ਦੇ ਪੁੱਤਰਾਂ ਦੀ ਭਲਾਈ ਲਈ ਪ੍ਰਾਰਥਨਾ ਕਰਨ।
11ਇਸ ਤੋਂ ਇਲਾਵਾ, ਮੈਂ ਹੁਕਮ ਦਿੰਦਾ ਹਾਂ ਕਿ ਜੇ ਕੋਈ ਇਸ ਹੁਕਮ ਦੀ ਉਲੰਘਣਾ ਕਰਦਾ ਹੈ, ਉਸ ਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢ ਕੇ ਖੜ੍ਹੀ ਕੀਤੀ ਜਾਵੇ ਅਤੇ ਉਹਨਾਂ ਨੂੰ ਸੂਲੀ ਉੱਤੇ ਟੰਗਿਆ ਜਾਵੇਗਾ ਅਤੇ ਇਸ ਅਪਰਾਧ ਲਈ ਉਹਨਾਂ ਦੇ ਘਰ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਜਾਵੇ।12ਪਰਮੇਸ਼ਵਰ, ਜਿਸ ਨੇ ਆਪਣਾ ਨਾਮ ਉੱਥੇ ਵਸਾਇਆ ਹੈ, ਕਿਸੇ ਵੀ ਰਾਜੇ ਜਾਂ ਲੋਕਾਂ ਨੂੰ ਜੋ ਇਸ ਫ਼ਰਮਾਨ ਨੂੰ ਬਦਲਣ ਲਈ ਜਾਂ ਯੇਰੂਸ਼ਲੇਮ ਵਿੱਚ ਇਸ ਭਵਨ ਨੂੰ ਨਸ਼ਟ ਕਰਨ ਲਈ ਹੱਥ ਉਠਾਉਂਦਾ ਹੈ, ਉਖਾੜ ਸੁੱਟੇ।
ਮੈਂ ਦਾਰਾ ਨੇ ਇਹ ਹੁਕਮ ਦਿੱਤਾ ਹੈ ਕਿ ਇਸ ਨੂੰ ਲਗਨ ਨਾਲ ਪੂਰਾ ਕੀਤਾ ਜਾਵੇ।

ਹੈਕਲ ਦੀ ਸੰਪੂਰਨਤਾ ਅਤੇ ਸਮਰਪਣ

13ਤਦ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਰਾਜਾ ਦੀ ਭੇਜੀ ਹੋਈ ਆਗਿਆ ਅਨੁਸਾਰ ਫੁਰਤੀ ਨਾਲ ਕੰਮ ਕੀਤਾ।14ਇਸ ਲਈ ਯਹੂਦੀਆਂ ਦੇ ਬਜ਼ੁਰਗ ਹੱਜਈ ਨਬੀ ਅਤੇ ਇੱਦੋ ਦੇ ਉੱਤਰਾਧਿਕਾਰੀ ਜ਼ਕਰਯਾਹ ਦੇ ਪ੍ਰਚਾਰ ਅਧੀਨ ਉਸਾਰੀ ਅਤੇ ਤਰੱਕੀ ਕਰਦੇ ਰਹੇ। ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਹੁਕਮ ਅਤੇ ਫ਼ਾਰਸ ਦੇ ਰਾਜਿਆਂ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੇ ਫ਼ਰਮਾਨਾਂ ਅਨੁਸਾਰ ਹੈਕਲ ਦਾ ਨਿਰਮਾਣ ਪੂਰਾ ਕੀਤਾ।15ਹੈਕਲ ਅਦਾਰ ਦੇ ਮਹੀਨੇ ਦੇ ਤੀਜੇ ਦਿਨ, ਰਾਜਾ ਦਾਰਾ ਦੇ ਰਾਜ ਦੇ ਛੇਵੇਂ ਸਾਲ ਵਿੱਚ ਪੂਰਾ ਹੋਇਆ ਸੀ।
16ਤਦ ਇਸਰਾਏਲ ਦੇ ਲੋਕਾਂ ਨੇ ਅਰਥਾਤ ਜਾਜਕਾਂ, ਲੇਵੀਆਂ ਅਤੇ ਬਾਕੀ ਗ਼ੁਲਾਮਾਂ ਨੇ ਪਰਮੇਸ਼ਵਰ ਦੇ ਭਵਨ ਦੇ ਸਮਰਪਣ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ।17ਪਰਮੇਸ਼ਵਰ ਦੇ ਇਸ ਭਵਨ ਦੇ ਸਮਰਪਣ ਲਈ ਉਹਨਾਂ ਨੇ ਸੌ ਬਲਦ, ਦੋ ਸੌ ਭੇਡੂ, ਚਾਰ ਸੌ ਲੇਲੇ ਅਤੇ ਸਾਰੇ ਇਸਰਾਏਲ ਲਈ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ, ਇਸਰਾਏਲ ਦੇ ਹਰੇਕ ਗੋਤ ਲਈ ਇੱਕ-ਇੱਕ ਬਲਦ ਚੜ੍ਹਾਇਆ।18ਅਤੇ ਉਹਨਾਂ ਨੇ ਮੋਸ਼ੇਹ ਦੀ ਪੋਥੀ ਵਿੱਚ ਲਿਖੇ ਅਨੁਸਾਰ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਸੇਵਾ ਲਈ ਜਾਜਕਾਂ ਨੂੰ ਆਪਣੇ ਦਲਾਂ ਵਿੱਚ ਅਤੇ ਲੇਵੀਆਂ ਨੂੰ ਉਹਨਾਂ ਦੇ ਦਲਾਂ ਵਿੱਚ ਠਹਿਰਾਇਆ।

ਪਸਾਹ ਦਾ ਤਿਉਹਾਰ

19ਪਹਿਲੇ ਮਹੀਨੇ ਦੇ ਚੌਦਵੇਂ ਦਿਨ, ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਨੇ ਪਸਾਹ ਦਾ ਤਿਉਹਾਰ ਮਨਾਇਆ।20ਕਿਉਂ ਜੋ ਜਾਜਕਾਂ ਅਤੇ ਲੇਵੀਆਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ, ਇਸ ਲਈ ਉਹ ਸਾਰੇ ਪਵਿੱਤਰ ਸਨ। ਉਨ੍ਹਾਂ ਨੇ ਗ਼ੁਲਾਮੀ ਤੋਂ ਮੁੜੇ ਹੋਏ ਸਾਰੇ ਲੋਕਾਂ ਅਤੇ ਆਪਣੇ ਜਾਜਕ ਭਰਾਵਾਂ ਦੇ ਲਈ ਅਤੇ ਆਪਣੇ ਲਈ ਪਸਾਹ ਦੇ ਪਸ਼ੂ ਬਲੀ ਚੜ੍ਹਾਏ।21ਸੋ ਇਸਰਾਏਲੀਆਂ ਨੇ ਜਿਹੜੇ ਗ਼ੁਲਾਮੀ ਤੋਂ ਮੁੜੇ ਸਨ, ਉਹਨਾਂ ਸਾਰਿਆਂ ਦੇ ਨਾਲ, ਜਿਨ੍ਹਾਂ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੂੰ ਭਾਲਣ ਲਈ ਅਤੇ ਗੈਰ-ਯਹੂਦੀ ਗੁਆਂਢੀਆਂ ਦੇ ਭੈੜੇ ਕੰਮਾਂ ਤੋਂ ਆਪਣੇ ਆਪ ਨੂੰ ਵੱਖ ਕਰਕੇ ਪਸਾਹ ਦਾ ਭੋਜਨ ਖਾਧਾ।22ਸੱਤਾਂ ਦਿਨਾਂ ਤੱਕ ਉਹਨਾਂ ਨੇ ਪਤੀਰੀ ਰੋਟੀ ਦਾ ਪਰਬ ਖੁਸ਼ੀ ਨਾਲ ਮਨਾਇਆ ਕਿਉਂ ਜੋ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦਾ ਰਵੱਈਆ ਬਦਲ ਕੇ ਉਹਨਾਂ ਨੂੰ ਅਨੰਦ ਨਾਲ ਭਰ ਦਿੱਤਾ ਸੀ ਤਾਂ ਜੋ ਉਹ ਪਰਮੇਸ਼ਵਰ, ਇਸਰਾਏਲ ਦੇ ਪਰਮੇਸ਼ਵਰ ਦੇ ਘਰ ਦੇ ਕੰਮ ਵਿੱਚ ਉਹਨਾਂ ਦੀ ਸਹਾਇਤਾ ਕਰੇ।

Biblica, Inc.

https://app.library.bible/content/38de522697cd8943