1 ਇਤਿਹਾਸ19

ਦਾਵੀਦ ਨੇ ਅੰਮੋਨੀਆਂ ਨੂੰ ਹਰਾਇਆ

1ਸਮੇਂ ਦੇ ਬੀਤਣ ਨਾਲ, ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਦਾ ਪੁੱਤਰ ਉਸ ਤੋਂ ਬਾਅਦ ਰਾਜਾ ਬਣਿਆ।2ਦਾਵੀਦ ਨੇ ਸੋਚਿਆ, “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ, ਕਿਉਂਕਿ ਉਸਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ।” ਇਸ ਲਈ ਦਾਵੀਦ ਨੇ ਹਾਨੂਨ ਨੂੰ ਉਸ ਦੇ ਪਿਤਾ ਬਾਰੇ ਹਮਦਰਦੀ ਪ੍ਰਗਟ ਕਰਨ ਲਈ ਆਪਣੇ ਸੇਵਕ ਭੇਜੇ।
ਜਦੋਂ ਦਾਵੀਦ ਦੇ ਸੰਦੇਸ਼ਵਾਹਕ ਅੰਮੋਨੀਆਂ ਦੇ ਦੇਸ਼ ਵਿੱਚ ਹਾਨੂਨ ਕੋਲ ਉਸ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਸਨ,
3ਤਦ ਅੰਮੋਨੀਆਂ ਦੇ ਸਰਦਾਰਾਂ ਨੇ ਹਾਨੂਨ ਨੂੰ ਆਖਿਆ, “ਕੀ ਤੁਹਾਨੂੰ ਲੱਗਦਾ ਹੈ ਦਾਵੀਦ ਤੁਹਾਡੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਨੇ ਤਸੱਲੀ ਦੇਣ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਖੋਜ ਕਰਨ, ਨਾਸ ਕਰਨ ਅਤੇ ਦੇਸ ਦਾ ਭੇਤ ਲੈਣ?”4ਇਸ ਲਈ ਹਾਨੂਨ ਨੇ ਦਾਵੀਦ ਦੇ ਸੰਦੇਸ਼ਵਾਹਕਾਂ ਨੂੰ ਫੜ ਲਿਆ ਅਤੇ ਉਹਨਾਂ ਦੀਆਂ ਦਾੜ੍ਹੀਆਂ ਮੁਨਵਾ ਦਿੱਤੀਆਂ ਅਤੇ ਉਨ੍ਹਾਂ ਦੇ ਬਸਤਰ ਅੱਧ ਵਿੱਚਕਾਰੋਂ ਲੱਕ ਤੱਕ ਪਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
5ਜਦੋਂ ਕਿਸੇ ਨੇ ਆ ਕੇ ਦਾਵੀਦ ਨੂੰ ਮਨੁੱਖਾਂ ਬਾਰੇ ਦੱਸਿਆ ਤਾਂ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂਕਿ ਉਨ੍ਹਾਂ ਨੂੰ ਬਹੁਤ ਬੇਇੱਜ਼ਤ ਕੀਤਾ ਗਿਆ ਸੀ। ਰਾਜੇ ਨੇ ਕਿਹਾ, “ਜਦ ਤੱਕ ਤੁਹਾਡੀ ਦਾੜ੍ਹੀ ਨਾ ਵਧ ਜਾਵੇ, ਯਰੀਹੋ ਵਿੱਚ ਠਹਿਰੋ ਅਤੇ ਫਿਰ ਵਾਪਸ ਆ ਜਾਣਾ।”
6ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਉਹ ਦਾਵੀਦ ਦੇ ਸਾਹਮਣੇ ਘਿਣਾਉਣੇ ਹੋ ਗਏ ਹਨ, ਹਾਨੂਨ ਅਤੇ ਅੰਮੋਨ ਦੇ ਉੱਤਰਾਧਿਕਾਰੀਆਂ ਨੇ ਮਸੋਪੋਤਾਮੀਆ, ਅਰਾਮ-ਮਕਾਹ ਅਤੇ ਜ਼ੋਬਾਹ ਤੋਂ ਲਗਭਗ ਪੈਂਤੀ ਹਜ਼ਾਰ ਕਿੱਲੋ ਚਾਂਦੀ ਅਤੇ ਭਾੜੇ ਦੇ ਘੋੜਸਵਾਰ ਅਤੇ ਰਥ ਦਿੱਤੇ।7ਸੋ ਉਨ੍ਹਾਂ ਨੇ ਬੱਤੀ ਹਜ਼ਾਰ ਰੱਥਾਂ, ਮਕਾਹ ਦੇ ਰਾਜੇ ਅਤੇ ਉਸ ਦੀ ਸੈਨਾਂ ਨੂੰ ਕਿਰਾਏ ਤੇ ਲਿਆ। ਇਹਨਾਂ ਨੇ ਆ ਕੇ ਮੇਦੇਬਾ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਆਪੋ-ਆਪਣੇ ਨਗਰਾਂ ਤੋਂ ਇਕੱਠੇ ਹੋਏ ਅਤੇ ਯੁੱਧ ਕਰਨ ਨੂੰ ਆਏ।
8ਇਹ ਸੁਣ ਕੇ ਦਾਵੀਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਬਾਹਰ ਭੇਜ ਦਿੱਤਾ।9ਅੰਮੋਨੀ ਬਾਹਰ ਆਏ ਅਤੇ ਆਪਣੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਲੜਾਈ ਦੇ ਰੂਪ ਵਿੱਚ ਤਿਆਰ ਹੋ ਗਏ, ਜਦੋਂ ਕਿ ਰਾਜੇ ਜਿਹੜੇ ਆਏ ਸਨ ਅਲੱਗ ਮੈਦਾਨ ਵਿੱਚ ਸਨ।
10ਯੋਆਬ ਨੇ ਵੇਖਿਆ ਕਿ ਉਸ ਦੇ ਅੱਗੇ ਅਤੇ ਪਿੱਛੇ ਲੜਾਈ ਦੀਆਂ ਕਤਾਰਾਂ ਸਨ। ਇਸ ਲਈ ਉਸਨੇ ਇਸਰਾਏਲ ਵਿੱਚ ਸਭ ਤੋਂ ਵਧੀਆ ਸੂਰਮਿਆਂ ਨੂੰ ਚੁਣਿਆ ਅਤੇ ਅਰਾਮੀਆਂ ਦੇ ਵਿਰੁੱਧ ਕਤਾਰਾਂ ਬੰਨ੍ਹੀਆਂ।11ਉਸ ਨੇ ਬਾਕੀ ਦੇ ਮਨੁੱਖਾਂ ਨੂੰ ਆਪਣੇ ਭਰਾ ਅਬੀਸ਼ਾਈ ਦੇ ਅਧੀਨ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਵਿਰੁੱਧ ਕਤਾਰ ਬੰਨ੍ਹੀ।12ਯੋਆਬ ਨੇ ਆਖਿਆ, “ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੈਨੂੰ ਬਚਾਉਣ ਲਈ ਆਵੀ। ਪਰ ਜੇਕਰ ਅੰਮੋਨੀ ਤੁਹਾਡੇ ਉੱਤੇ ਪਰਬਲ ਹੋਣ, ਤਾਂ ਮੈਂ ਤੁਹਾਨੂੰ ਬਚਾਵਾਂਗਾ।13ਤਕੜੇ ਹੋਵੋ ਅਤੇ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ਵਰ ਦੇ ਸ਼ਹਿਰਾਂ ਲਈ ਬਹਾਦਰੀ ਨਾਲ ਲੜੀਏ। ਯਾਹਵੇਹ ਉਹੀ ਕਰੇਗਾ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”
14ਤਦ ਯੋਆਬ ਅਤੇ ਉਸ ਦੇ ਨਾਲ ਦੀ ਸੈਨਾਂ ਅਰਾਮੀਆਂ ਨਾਲ ਲੜਨ ਲਈ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗੋਂ ਭੱਜ ਗਏ।15ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਉਸ ਦੇ ਭਰਾ ਅਬੀਸ਼ਾਈ ਦੇ ਅੱਗੇ ਭੱਜ ਕੇ ਸ਼ਹਿਰ ਦੇ ਅੰਦਰ ਚਲੇ ਗਏ। ਇਸ ਲਈ ਯੋਆਬ ਯੇਰੂਸ਼ਲੇਮ ਨੂੰ ਵਾਪਸ ਚਲਾ ਗਿਆ।
16ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਨ, ਤਾਂ ਉਹ ਸੰਦੇਸ਼ਵਾਹਕਾਂ ਨੂੰ ਭੇਜ ਕੇ ਫ਼ਰਾਤ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਂਦਾ ਸੀ, ਅਤੇ ਹਾਦੇਦੇਜ਼ਰ ਦੀ ਸੈਨਾ ਦਾ ਪ੍ਰਧਾਨ ਸ਼ੋਫਕ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।
17ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨ ਪਾਰ ਕੀਤੀ। ਉਹ ਉਹਨਾਂ ਦੇ ਵਿਰੁੱਧ ਅੱਗੇ ਵਧਿਆ ਅਤੇ ਉਹਨਾਂ ਦੇ ਵਿਰੁੱਧ ਆਪਣੀ ਲੜਾਈ ਦਾ ਪਿੜ ਬੰਨਿਆ। ਦਾਵੀਦ ਨੇ ਲੜਾਈ ਵਿੱਚ ਅਰਾਮੀਆਂ ਨੂੰ ਮਿਲਣ ਲਈ ਆਪਣੀਆਂ ਕਤਾਰਾਂ ਬਣਾਈਆਂ, ਅਤੇ ਉਹ ਉਸਦੇ ਵਿਰੁੱਧ ਲੜੇ।18ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਵੀਦ ਨੇ ਅਰਾਮੀਆਂ ਦੇ ਸੱਤ ਸੌ ਰੱਥਾਂ ਅਤੇ ਚਾਲੀ ਹਜ਼ਾਰ ਪੈਦਲ ਸਿਪਾਹੀਆਂ ਨੂੰ ਮਾਰ ਸੁੱਟਿਆ, ਸੈਨਾਂ ਦੇ ਸੈਨਾ ਸਰਦਾਰ ਸ਼ੋਫਕ ਨੂੰ ਵੀ ਜਾਨੋਂ ਮਾਰ ਮੁਕਾਇਆ।
19ਜਦੋਂ ਹਾਦੇਦੇਜ਼ਰ ਦੇ ਹਾਕਮਾਂ ਨੇ ਵੇਖਿਆ ਜੋ ਇਸਰਾਏਲ ਨੇ ਉਹਨਾਂ ਨੂੰ ਹਰਾ ਦਿੱਤਾ ਹੈ ਤਾਂ ਉਹਨਾਂ ਨੇ ਦਾਵੀਦ ਨਾਲ ਸੁਲ੍ਹਾ ਕੀਤੀ ਅਤੇ ਉਹ ਦੇ ਅਧੀਨ ਹੋ ਗਏ।
ਇਸ ਲਈ ਅਰਾਮੀ ਹੁਣ ਅੰਮੋਨੀਆਂ ਦੀ ਮਦਦ ਕਰਨ ਲਈ ਤਿਆਰ ਨਹੀਂ ਸਨ।

Biblica, Inc.

https://app.library.bible/content/38de522697cd8943